ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਅਕਤੂਬਰ
ਲੋਕ ਇਨਸਾਫ਼ ਪਾਰਟੀ ਦੀ ਅਰਬਨ ਅਸਟੇਟ ਦੁੱਗਰੀ ਫੇਸ-2 ਵਾਰਡ ਨੰਬਰ-44 ਵਿੱਚ ਇਸਤਰੀ ਵਿੰਗ ਦੀ ਪੰਜਾਬ ਪ੍ਰਧਾਨ ਸ਼ਸ਼ੀ ਮਲਹੋਤਰਾ ਦੀ ਅਗਵਾਈ ਵਿੱਚ ਪਾਰਟੀ ਮੀਟਿੰਗ ਕੀਤੀ ਗਈ, ਜਿਸ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਸ਼ੇਸ਼ ਤੌਰ ’ਤੇ ਪਹੁੰਚੇ। ਸੂਬੇ ਵਿਚ ਚੱਲ ਰਹੇ ਬਿਜਲੀ ਸੰਕਟ ’ਤੇ ਵਿਧਾਇਕ ਬੈਂਸ ਨੇ ਕਿਹਾ ਕਿ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਸਰਕਾਰ ਤੁਰੰਤ ਕੋਲੇ ਦਾ ਇਤਜ਼ਾਮ ਕਰਕੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾ ਵਿਚ ਕੋਲੇ ਦੀ ਕਮੀ ਕਾਰਨ ਬਿਜਲੀ ਦੇ ਲੰਮੇ ਲੰਮੇ ਕੱਟ ਲਗਾਏ ਜਾ ਰਹੇ ਹਨ, ਜਿਸ ਨਾਲ ਹਰ ਵਰਗ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਬਣੇ ਕਾਨੂੰਨ ਅਨੁਸਾਰ ਥਰਮਲ ਪਲਾਟਾਂ ਵਿਚ ਘੱਟ ਤੋਂ ਘੱਟ ਇੱਕ ਮਹੀਨੇ ਦਾ ਕੋਲਾ ਸਟੋਰ ਕਰਕੇ ਰੱਖਣਾ ਲਾਜ਼ਮੀ ਹੁੰਦਾ ਹੈ। ਵਿਧਾਇਕ ਬੈਂਸ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਜਿਨ੍ਹਾਂ ਅਧਿਕਾਰੀਆ ਦੀ ਲਾਪ੍ਰਵਾਹੀ ਕਾਰਨ ਕੋਲੇ ਦੀ ਕਮੀ ਆਈ ਹੈ, ਉਨ੍ਹਾਂ ਉਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦਾ ਗਠਨ ਲੋਕਾਂ ਦੀ ਸੇਵਾ ਅਤੇ ਸੂਬੇ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੀਤਾ ਗਿਆ ਹੈ। ਇਸ ਮੌਕੇ ਅਜੈ ਮਲਹੋਤਰਾ, ਨੇਹਾ, ਬਿੰਨੀ, ਜਰਨੈਲ ਸਿੰਘ ਜੈਲੀ, ਨਰਿੰਦਰ ਵਰਮਾ ਆਦਿ ਮੌਜੂਦ ਸਨ।