ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 15 ਅਪਰੈਲ
ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਖੇਤਰ ਵਿੱਚ ਵੋਟਰਾਂ ਤੱਕ ਪਹੁੰਚ ਬਣਾਉਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਤੇ ਕਾਰਕੁਨਾਂ ਨੂੰ ਲਾਮਬੰਦ ਕਰਨ ਲਈ ਨਗਰ ਕੌਂਸਲ ਸਾਹਮਣੇ ਪਾਰਟੀ ਦਫ਼ਤਰ ਵਿੱਚ ਭਰਵੀਂ ਮੀਟਿੰਗ ਕੀਤੀ। ਜਾਣਕਾਰੀ ਅਨੁਸਾਰ ਇਹ ਮੀਟਿੰਗ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਪਤਨੀ ਡਾ. ਪਰਮਿੰਦਰ ਕੌਰ ਗੱਜਣਮਾਜਰਾ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ ਦੌਰਾਨ ਪਾਰਟੀ ਦੇ ਕੇਡਰ ਨੇ ਆਪਸੀ ਗਿਲੇ ਸ਼ਿਕਵੇ ਮਿਟਾ ਕੇ ਰਲ ਮਿਲ ਕੇ ਪਾਰਟੀ ਉਮੀਦਵਾਰ ਦੀ ਜਿੱਤ ਲਈ ਕੰਮ ਕਰਨ ਦਾ ਅਹਿਦ ਲਿਆ।
ਮੀਟਿੰਗ ਦੇ ਕਨਵੀਨਰ ਅਤੇ ਵਕਫ਼ ਬੋਰਡ ਮੈਂਬਰ ਹਾਕਿਮ ਸੂਫ਼ੀ ਨੇ ਦਾਅਵਾ ਕੀਤਾ ਕਿ ਯੂਥ ਵਿੰਗ ਦੇ ਪ੍ਰਧਾਨ ਰੂਬਲ ਗੱਜਣਮਾਜਰਾ, ਬਲਾਕ ਪ੍ਰਧਾਨ ਤੇ ਕੌਂਸਲਰ ਵਿਕਾਸ ਸ਼ਰਮਾ, ਮੀਤ ਪ੍ਰਧਾਨ ਐਮਸੀ ਕਮਲਜੀਤ ਸਿੰਘ ਉੱਭੀ, ਸਾਬਕਾ ਪ੍ਰਧਾਨ ਜਤਿੰਦਰ ਭੋਲਾ, ਬਲਾਕ ਪ੍ਰਧਾਨ ਵਸਾਖਾ ਸਿੰਘ ਥਿੰਦ ਅਤੇ ਪ੍ਰਧਾਨ ਕਮਲ ਸੰਧੂ ਆਦਿ ਆਗੂਆਂ ਨੇ ਆਪੋ-ਆਪਣੇ ਖੇਤਰਾਂ ਤੋਂ ‘ਆਪ’ ਉਮੀਦਵਾਰ ਦੀ ਹਮਾਇਤ ਜੁਟਾਉਣ ਲਈ ਕੋਈ ਕਸਰ ਨਾ ਛੱਡਣ ਦਾ ਅਹਿਦ ਕੀਤਾ। ਇਸ ਤੋਂ ਪਹਿਲਾਂ ਜੀਪੀ ਸਿੰਘ, ਨਵਜੋਤ ਗਰਗ, ਡਾ. ਪਰਮਿੰਦਰ ਗੱਜਣਮਾਜਰਾ ਅਤੇ ਮਾਈ ਰੂਪ ਕੌਰ ਨੇ ਦਾਅਵਾ ਕੀਤਾ ਕਿ ਸਰਹੱਦੀ ਸੂਬੇ ਦੇ ਵਸਨੀਕ ਐੱਨ.ਡੀ.ਏ. ਸਮੇਤ ਰਵਾਇਤੀ ਸਿਆਸੀ ਪਾਰਟੀਆਂ ਦੇ ਮਨਸੂਬਿਆਂ ਨੂੰ ਸਮਝ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਝੂਠੇ ਲਾਅਰਿਆਂ ਅਤੇ ਗਾਰੰਟੀਆਂ ਰਾਹੀਂ ਮੂਰਖ ਬਣਾ ਕੇ ਸੱਤਾ ’ਤੇ ਕਾਬਜ਼ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਨੇ ਪੰਜਾਬ ਅਤੇ ਦਿੱਲੀ ਵਿੱਚ ‘ਆਪ’ ਸਰਕਾਰਾਂ ਨੂੰ ਡੇਗਣ ਲਈ ਏਜੰਸੀਆਂ ਦੀ ਦੁਰਵਰਤੋਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।