ਪੱਤਰ ਪ੍ਰੇਰਕ
ਜਗਰਾਉਂ, 2 ਨਵੰਬਰ
ਇਥੇ ਬੀਤੀ ਰਾਤ ਇੱਕ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਮੋਟਰਸਾਈਕਲ ਸਵਾਰ ਦਾਦੀ-ਪੋਤੇ ਨੂੰ ਫੇਟ ਮਾਰ ਦਿੱਤੀ ਜਿਸ ਮਗਰੋਂ ਦੋਵੇਂ ਹੇਠਾਂ ਡਿੱਗ ਪਏ ਤੇ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਬਜ਼ੁਰਗ ਮਹਿਲਾ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਇਸ ਸਬੰਧ ਵਿੱਚ ਪੁਲੀਸ ਮੁਲਾਜ਼ਮ ਜਸਪਾਲ ਸਿੰਘ ਵਾਸੀ ਪਿੰਡ ਪੱਖੋਵਾਲ ਹਾਲ ਵਾਸੀ ਜਗਰਾਉਂ ਪੱਤੀ ਮਲਕ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਪੁੱਤਰ ਦਿਲਪ੍ਰੀਤ ਸਿੰਘ (22) ਆਪਣੀ ਦਾਦੀ ਜਸਵੰਤ ਕੌਰ ਨਾਲ ਬੁਲੇਟ ਮੋਟਰਸਾਈਕਲ ’ਤੇ ਪਿੰਡ ਪੱਖੋਵਾਲ ਵੱਲ ਜਾ ਰਿਹਾ ਸੀ ਤੇ ਉਸ ਦੇ ਪਿੱਛੇ ਹੀ ਉਹ ਖ਼ੁਦ ਦੂਜੇ ਮੋਟਰਸਾਈਕਲ ’ਤੇ ਜਾ ਰਿਹਾ ਸੀ। ਰਾਹ ਵਿੱਚ ਪਿੰਡ ਅਲੀਗੜ੍ਹ (ਲੁਧਿਆਣਾ ਮਾਰਗ) ਕੋਲ ਦਿਲਪ੍ਰੀਤ ਆਪਣੇ ਮੋਟਰਸਾਈਕਲ ’ਚ ਤੇਲ ਪਵਾਉਣ ਲਈ ਰਿਲਾਇੰਸ ਪੈਟਰੌਲ ਪੰਪ ਵੱਲ ਗਿਆ ਤੇ ਜਦੋਂ ਉਹ ਤੇਲ ਪਵਾ ਕੇ ਮੁੜ ਸੜਕ ’ਤੇ ਚੜ੍ਹਨ ਲੱਗਿਆ ਤਾਂ ਗ਼ਲਤ ਪਾਸੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਮੋਟਰਸਾਈਕਲ ਨੂੰ ਲਪੇਟ ਵਿੱਚ ਲੈ ਲਿਆ। ਇਸ ਟੱਕਰ ਮਗਰੋਂ ਦਿਲਪ੍ਰੀਤ ਦਾ ਸਿਰ ਟਰੱਕ ਦੇ ਟਾਇਰ ਥੱਲੇ ਆ ਗਿਆ ਤੇ ਉਸ ਦੀ ਦਾਦੀ ਸਾਹਮਣੇ ਖਤਾਨਾਂ ਵਿੱਚ ਜਾ ਡਿੱਗੀ। ਦਿਲਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖ਼ਮੀ ਦਿਲਪ੍ਰੀਤ ਨੂੰ ਜਦੋਂ ਜਸਪਾਲ ਸਿੰਘ ਸੰਭਾਲ ਰਿਹਾ ਸੀ ਤਾਂ ਟਰੱਕ ਲਾਲਕ ਮੌਕੇ ’ਤੋਂ ਫਰਾਰ ਹੋ ਗਿਆ। ਜਸਪਾਲ ਸਿੰਘ ਨੇ ਰਾਹਗੀਰਾਂ ਦੀ ਮਦਦ ਨਾਲ ਦਿਲਪ੍ਰੀਤ ਤੇ ਮਾਤਾ ਜਸਵੰਤ ਕੌਰ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਦਿਲਪ੍ਰੀਤ ਨੂੰ ਮ੍ਰਿਤ ਐਲਾਨ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸ਼ਮਿੰਦਰਜੀਤ ਸਿੰਘ ਨੇ ਦੱਸਿਆ ਕਿ ਟਰੱਕ ਦੀ ਪਛਾਣ ਹੋ ਚੁੱਕੀ ਹੈ ਤੇ ਟਰੱਕ ਚਾਲਕ ਜੀਤ ਸਿੰਘ ਵਾਸੀ ਪਿੰਡ ਸਹਿਬਾਜ਼ਪੁਰਾ (ਪੱਤੀ ਮੁਲਤਾਨੀ ਮੰਡ ਤਿਹਾੜਾ) ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਆਰੰਭ ਦਿੱਤੀ ਗਈ ਹੈ।