ਚਰਨਜੀਤ ਸਿੰਘ ਢਿੱਲੋਂ
ਜਗਰਾਉਂ,13 ਜੁਲਾਈ
ਗੁਰੂ ਨਾਨਕ ਦੇਵ ਜੀ ਦੇ 550 ਵੇਂ ਅਵਤਾਰ ਪੁਰਬ ਨੂੰ ਸਮਰਪਿਤ ਜਗਰਾਉਂ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਲਈ ਵੱਡੇ ਯਤਨ ਕਰ ਰਹੀ ‘ਗਰੀਨ ਮਿਸ਼ਨ ਪੰਜਾਬ” ਜਗਰਾਉਂ ਇਕਾਈ ਨੇ ਤਹਿਸੀਲ ਕੰਪਲੈਕਸ ਵਿੱਚ ਅਣਦੇਖੀ ਦਾ ਸ਼ਿਕਾਰ ਪਾਰਕਾਂ ਦੀ ਦਸ਼ਾ ਸੁਧਾਰਨ ਦਾ ਬੀੜਾ ਚੁੱਕਿਆ ਹੈ। ਟੀਮ ਆਗੂ ਸਤਪਾਲ ਦੇਹੜਕਾ ਨੇ ਦੱਸਿਆ ਕਿ ਸ਼ਹਿਰ ਦੀਆਂ ਸਮਾਜਸੇਵੀ, ਰਾਜਨੀਤਿਕ,ਪ੍ਰਸ਼ਾਸਨਿਕ ਸ਼ਖ਼ਸੀਅਤਾਂ ਦੇ ਹੱਥੋਂ 130 ਦੇ ਕਰੀਬ ਬੂਟੇ ਲਗਾਏ ਗਏ। ਸਬਮਰਸੀਬਲ ਪੰਪ ਵਕੀਲ ਐੱਚਐੱਸ ਛਾਬੜਾ ਵੱਲੋਂ ਲਗਵਾ ਕੇ ਦਿੱਤਾ ਗਿਆ । ਸਤਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਇਲਾਕੇ ਦੇ 35 ਸਕੂਲਾਂ ਵਿੱਚ ਛਾਂ ਦਾਰ, ਫੱਲਦਾਰ, ਅਯੁਰਵੈਦਿਕ ਬੂਟੇ ਲਗਾ ਚੁੱਕੀ ਹੈ । ਇਸ ਮੌਕੇ ਪ੍ਰੋ.ਕਰਮ ਸਿੰਘ ਸੰਧੂ, ਮੇਜਰ ਸਿੰਘ ਛੀਨਾ, ਨਰੇਸ਼ ਵਰਮਾ, ਦਰਸ਼ਨ ਬਰਨਾਲਾ, ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਨੇ ਗਰੀਨ ਮਿਸ਼ਨ ਪੰਜਾਬ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਜਗਰਾਉਂ ਸਬ-ਡਿਵੀਜ਼ਨ ਦੇ ਤਤਕਾਲੀ ਉਪ-ਮੰਡਲ ਮੈਜਿਸਟਰੇਟ ਅਪਨੀਤ ਰਿਆਤ ਵੱਲੋਂ ਸ਼ਹਿਰ ਦੇ ਛੱਪੜ ਵਿੱਚੋਂ ਕੂੜਾ ਕਰਕਟ ਚੁੱਕਾ ਕੇ ਬਣਾਈ ਪਾਰਕ ਲਈ ਉਨ੍ਹਾਂ ਨੂੰ ਵੀ ਯਾਦ ਕੀਤਾ ਗਿਆ ।
ਵਿਧਾਇਕ ਨੇ ਵਣ ਮਹਾਉਤਸਵ ਤਹਿਤ ਪੌਦੇ ਵੰਡੇ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਨਗਰ ਕੌਂਸਲ ਮਾਛੀਵਾੜਾ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਆਰੰਭ ਕੀਤੇ ਵਣ ਮਹਾਂਉਤਸਵ ਦੀ ਸ਼ੁਰੂਆਤ ਅੱਜ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਪੌਦੇ ਵੰਡ ਕੇ ਕੀਤੀ। ਵਿਧਾਇਕ ਢਿੱਲੋਂ ਤੇ ਉਨ੍ਹਾਂ ਦੀ ਪਤਨੀ ਮਲਕੀਤ ਕੌਰ ਢਿੱਲੋਂ ਵਲੋਂ ਅੱਜ ਨਗਰ ਕੌਂਸਲ ਦਫ਼ਤਰ ਵਿੱਚ ਤੁਲਸੀ ਦਾ ਪੌਦਾ ਲਗਾਇਆ ਅਤੇ ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ 100 ਤੋਂ ਵੱਧ ਪੌਦੇ ਵੰਡੇ ਗਏ। ਇਸ ਮੌਕੇ ਕਾਂਗਰਸੀ ਆਗੂ ਕਰਨਵੀਰ ਸਿੰਘ ਢਿੱਲੋਂ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਚੇਅਰਮੈਨ ਸੁਖਵੀਰ ਪੱਪੀ, ਸੁਰਿੰਦਰ ਜੋਸ਼ੀ, ਗੁਰਮੀਤ ਸਿੰਘ ਕਾਹਲੋਂ, ਬਲਵਿੰਦਰ ਰਾਏ ਸੋਨੀ (ਸਾਰੇ ਕੌਂਸਲਰ) ਮੌਜੂਦ ਸਨ।