ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਜੁਲਾਈ
ਸਨਅਤੀ ਸ਼ਹਿਰ ਦੀਆਂ ਸੜਕਾਂ ਤੇ ਪਾਰਕਾਂ ’ਚ ਕਈ ਸੁੱਕ ਚੁੱਕੇ ਰੁੱਖ ’ਤੇ ਸੜਕਾਂ ’ਤੇ ਲੱਗੇ ਅਜਿਹੇ ਰੁੱਖ ਜੋ ਕਿ ਮਨੁੱਖੀ ਜੀਵਨ ਲਈ ਖ਼ਤਰਾ ਬਣ ਰਹੇ ਹਨ। ਨਗਰ ਨਿਗਮ ਲੁਧਿਆਣਾ ਹੁਣ ਇਨ੍ਹਾਂ ਸੁੱਕੇ ਤੇ ਜਾਨਲੇਵਾ ਰੁੱਖਾਂ ਨੂੰ ਕੱਟ ਕੇ ਉਨ੍ਹਾਂ ਦੀ ਜਗ੍ਹਾ ’ਤੇ ਨਵੇਂ ਬੂਟੇ ਲਾਵੇਗਾ। ਨਿਗਮ ਨੇ ਇਨ੍ਹਾਂ ਰੁੱਖਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਅਗਸਤ ਮਹੀਨੇ ਤੱਕ ਰੁੱਖ ਕੱਟ ਕੇ ਨਵੇਂ ਬੂਟੇ ਲਾ ਦਿੱਤੇ ਜਾਣਗੇ।
ਇਸ ਸਬੰਧੀ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੀਆਂ ਨਜ਼ਰਾਂ ’ਚ ਕੋਈ ਸੁੱਕਿਆ ਜਾਂ ਜਾਨਲੇਵਾ ਰੁੱਖ ਹੈ ਤਾਂ ਇਸ ਦੀ ਜਾਣਕਾਰੀ ਨਗਰ ਨਿਗਮ ਦੇ ਬਾਗ਼ਬਾਨੀ ਵਿਭਾਗ ਨੂੰ ਦਿੱਤੀ ਜਾਵੇ। ਸੁੱਕੇ ਰੁੱਖਾਂ ਨੂੰ ਕੱਟ ਕੇ ਨਵੇਂ ਬੂਟੇ ਲਾਉਣ ਦੀ ਮੁਹਿੰਮ ਨਗਰ ਨਿਗਮ ਲੁਧਿਆਣਾ ਵੱਲੋਂ ਪਹਿਲੀ ਵਾਰ ਚਲਾਈ ਜਾ ਰਹੀ ਹੈ। ਦਰਅਸਲ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ’ਚ ਕਈ ਥਾਵਾਂ ’ਤੇ ਸੁੱਕੇ ਰੁੱਖ ਖੜ੍ਹੇ ਹਨ ਅਤੇ ਕਈ ਥਾਵਾਂ ’ਤੇ ਲੋਕ ਰੁੱਖ ਕੱਟ ਚੁੱਕੇ ਹਨ। ਇਸ ਤੋਂ ਇਲਾਵਾ ਕੁਝ ਥਾਵਾਂ ’ਤੇ ਰੁੱਖ ਇੰਨੇ ਸੰਘਣੇ ਹੋ ਚੁੱਕੇ ਹਨ ਕਿ ਉਹ ਕਿਸੇ ਸਮੇਂ ਵੀ ਡਿੱਗ ਸਕਦੇ ਹਨ। ਨਿਗਮ ਕਮਿਸ਼ਨਰ ਨੇ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਨਾਲ ਮੀਟਿੰਗ ਕਰ ਇਹ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਕਮਿਸ਼ਨਰ ਨੇ ਨਗਰ ਨਿਗਮ ਦੀ ਬਾਗ਼ਬਾਨੀ ਸ਼ਾਖਾ ਨੂੰ ਹੁਕਮ ਜਾਰੀ ਕਰ ਦਿੱਤੇ ਹਨ ਕਿ ਹਫ਼ਤੇ ਦੇ ਅੰਦਰ ਅੰਦਰ ਅਜਿਹੇ ਦਰੱਖਤਾਂ ਦਾ ਸਰਵੇਖਣ ਕੀਤਾ ਜਾਵੇ ਤੇ ਉਨ੍ਹਾਂ ਦੀ ਫੋਟੋ, ਮੋਟਾਈ, ਉਚਾਈ, ਕਿਹੜੇ ਰੁੱਖ ਹਨ ਤੇ ਸਥਿਤੀ ਦੇ ਬਾਰੇ ’ਚ ਪੂਰੀ ਜਾਣਕਾਰੀ ਇਕੱਠੀ ਕੀਤੀ ਜਾਵੇ। ਕਮਿਸ਼ਨਰ ਚਾਹੁੰਦੇ ਹਨ ਕਿ ਜਿੱਥੋਂ ਜਿਹੜਾ ਰੁੱਖ ਹੈ, ਉੱਥੇ ਉਹੀ ਬੂਟਾ ਲਾਇਆ ਜਾਵੇ। ਨਿਗਮ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਬਾਗ਼ਬਾਨੀ ਵਿਭਾਗ ਨੇ ਸਰਵੇਖਣ ਵੀ ਸ਼ੁਰੂ ਕਰ ਦਿੱਤਾ ਹੈ।