ਨਿੱਜੀ ਪੱਤਰ ਪ੍ਰੇਰਕ
ਖੰਨਾ, 25 ਜੁਲਾਈ
ਇੱਥੇ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਖੰਨਾ ਤੇ ਪਾਇਲ ਦਾ ਜਨਰਲ ਇਜਲਾਸ ਕਾ. ਗੁਰਦੀਪ ਸਿੰਘ ਹੋਲ ਦੀ ਪ੍ਰਧਾਨਗੀ ਹੇਠ ਨੇੜਲੇ ਪਿੰਡ ਖੱਟੜਾ ਵਿੱਚ ਹੋਇਆ ਜਿਸ ਵਿੱਚ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਕਾ. ਬਲਜੀਤ ਸਿੰਘ ਗਰੇਵਾਲ ਵੀ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸ਼ੋਕ ਮਤੇ ਰਾਹੀਂ ਕਾ. ਨਛੱਤਰ ਸਿੰਘ ਅਤੇ ਰਵਿੰਦਰਪਾਲ ਇਕੋਲਾਹਾ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਰਵਿੰਦਰਪਾਲ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਚੱਲੇ ਕਿਸਾਨ ਘੋਲ ਦਾ ਪਹਿਲਾ ਸ਼ਹੀਦ ਹੈ।
ਮੀਟਿੰਗ ਦੌਰਾਨ ਕਿਸਾਨ ਸਭਾ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਕਾਰਜਾਂ ਦਾ ਲੇਖਾ ਜੋਖਾ ਕੀਤਾ ਗਿਆ, ਜਿਸ ਉਪਰੰਤ ਜ਼ਿਲ੍ਹਾ ਸਕੱਤਰ ਬਲਜੀਤ ਸਿੰਘ ਗਰੇਵਾਲ ਨੇ ਕਿਸਾਨ ਸਭਾ ਤਹਿਸੀਲ ਖੰਨਾ ਦੀ ਅਗਲੀ ਟੀਮ ਦੀ ਚੋਣ ਲਈ ਪੈਨਲ ਪੇਸ਼ ਕੀਤਾ ਜਿਸ ਦੌਰਾਨ ਸਰਬਸੰਮਤੀ ਨਾਲ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਖੰਨਾ ਤੇ ਪਾਇਲ ਲਈ ਇਕਬਾਲ ਸਿੰਘ ਗਰੇਵਾਲ ਨੂੰ ਪ੍ਰਧਾਨ, ਰਾਜਿੰਦਰ ਸਿੰਘ ਚੀਮਾ ਨੂੰ ਸਕੱਤਰ, ਜਗਤਾਰ ਸਿੰਘ ਖੱਟੜਾ ਨੂੰ ਵਿੱਤ ਸਕੱਤਰ, ਤਰਲੋਚਨ ਸਿੰਘ ਖੱਟੜਾ ਨੂੰ ਜੁਆਇੰਟ ਸਕੱਤਰ, ਗੁਰਦੀਪ ਸਿੰਘ ਨੂੰ ਮੀਤ ਪ੍ਰਧਾਨ ਤੇ ਬਲੌਰਾ ਸਿੰਘ, ਪ੍ਰਿਤਪਾਲ ਸਿੰਘ ਖੱਟੜਾ, ਸਰਬਜੀਤ ਸਿੰਘ, ਟਹਿਲ ਸਿੰਘ ਸਮੇਤ 13 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ।