ਨਿੱਜੀ ਪੱਤਰ ਪ੍ਰੇਰਕ
ਖੰਨਾ, 8 ਸਤੰਬਰ
ਕੱਲ੍ਹ ਇਥੋਂ ਦੇ ਨੇੜਲੇ ਪਿੰਡ ਭੱਟੀਆ ਵਿੱਚ ਇਕ ਵਿਅਕਤੀ ਦੀ ਮੌਤ ਨੂੰ ਦਿਲ ਦਾ ਦੌਰਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਪਰ ਅੰਤਿਮ ਸੰਸਕਾਰ ਤੋਂ ਪਹਿਲਾਂ ਨਹਾਉਣ ਦੀ ਤਿਆਰੀ ਸਮੇਂ ਜਦੋਂ ਮ੍ਰਿਤਕ ਦੇ ਗਲੇ ’ਤੇ ਨਿਸ਼ਾਨ ਮਿਲੇ ਤਾਂ ਹੰਗਾਮਾ ਹੋ ਗਿਆ। ਮ੍ਰਿਤਕ ਦੇ ਭਰਾ ਰਾਜਵਿੰਦਰ ਸਿੰਘ ਦੇ ਬਿਆਨਾਂ ’ਤੇ ਮ੍ਰਿਤਕ ਦੀ ਪਤਨੀ, ਦੋ ਧੀਆਂ ਤੇ ਦੋ ਸਾਲਿਆਂ ਖਿਲਾਫ਼ ਥਾਣਾ ਸਿਟੀ-1 ਵਿਚ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ’ਚ ਪੁਲੀਸ ਵੱਲੋਂ ਤੁਰੰਤ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਪਿੰਡ ਭੱਟੀਆਂ ਦੇ ਸੈਂਕੜੇ ਲੋਕਾਂ ਨੇ ਜਰਨੈਲੀ ਸੜਕ ’ਤੇ ਜਾਮ ਲਾ ਦਿੱਤਾ, ਜਿਸ ਨਾਲ ਮੀਲਾਂ ਤੱਕ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸੇ ਦੌਰਾਨ ਡੀ.ਐੱਸ.ਪੀ ਰਾਜਨਪਰਮਿੰਦਰ ਸਿੰਘ ਅਤੇ ਇੰਸਪੈਕਟਰ ਰਵਿੰਦਰ ਕੁਮਾਰ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਪਿੱਛੋਂ ਕਰੀਬ ਤਿੰਨ ਘੰਟੇ ਬਾਅਦ ਜਾਮ ਖੁੱਲ੍ਹਿਆ। ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ (45) ਵਾਸੀ ਭੱਟੀਆ ਦੀ ਪਤਨੀ ਵੱਲੋਂ ਦਿਲ ਦਾ ਦੌਰਾ ਪੈਣ ਨਾਲ ਮੌਤ ਦਾ ਰੌਲਾ ਪਾਇਆ ਗਿਆ ਪਰ ਮ੍ਰਿਤਕ ਦੀ ਮਾਤਾ ਸੁਰਜੀਤ ਕੌਰ ਨੇ ਉਸਦੇ ਗਲੇ ’ਤੇ ਨਿਸ਼ਾਨ ਦੇਖੇ ਅਤੇ ਪਤਨੀ ਬਲਜੀਤ ਕੌਰ ’ਤੇ ਹੱਤਿਆ ਦਾ ਸ਼ੱਕ ਪ੍ਰਗਟ ਕੀਤਾ।