ਜੋਗਿੰਦਰ ਸਿੰਘ ਓਬਰਾਏ
ਖੰਨਾ, 8 ਸਤੰਬਰ
ਇਥੋਂ ਦੇ ਨੇੜਲੇ ਪਿੰਡ ਭੱਟੀਆ ਵਿੱਚ ਬੀਤੇ ਦਿਨ ਇਕ ਵਿਅਕਤੀ ਦੀ ਮੌਤ ਨੂੰ ਦਿਲ ਦਾ ਦੌਰਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਪਰ ਅੰਤਮ ਸੰਸਕਾਰ ਤੋਂ ਪਹਿਲਾਂ ਨਹਾਉਣ ਦੀ ਤਿਆਰੀ ਸਮੇਂ ਜਦੋਂ ਮ੍ਰਿਤਕ ਦੇ ਗਲੇ ’ਤੇ ਨਿਸ਼ਾਨ ਮਿਲੇ ਤਾਂ ਹੰਗਾਮਾ ਹੋ ਗਿਆ। ਮ੍ਰਿਤਕ ਦੀ ਪਤਨੀ ’ਤੇ ਹੱਤਿਆ ਕਰਨ ਦਾ ਸ਼ੱਕ ਕੀਤਾ ਗਿਆ। ਮ੍ਰਿਤਕ ਦੇ ਭਰਾ ਰਾਜਵਿੰਦਰ ਸਿੰਘ ਦੇ ਬਿਆਨਾਂ ’ਤੇ ਪਤਨੀ, ਦੋ ਧੀਆਂ ਤੇ ਦੋ ਸਾਲਿਆਂ ਖ਼ਿਲਾਫ਼ ਥਾਣਾ ਸਿਟੀ-1 ਵਿਚ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ (45) ਵਾਸੀ ਭੱਟੀਆ ਦੀ ਪਤਨੀ ਵੱਲੋਂ ਦਿਲ ਦਾ ਦੌਰਾ ਪੈਣ ਨਾਲ ਮੌਤ ਦਾ ਰੌਲਾ ਪਾਇਆ ਗਿਆ। ਅੰਤਿਮ ਸੰਸਕਾਰ ਤੋਂ ਪਹਿਲਾਂ ਮ੍ਰਿਤਕ ਦੀ ਮਾਤਾ ਸੁਰਜੀਤ ਕੌਰ ਨੇ ਉਸ ਦੇ ਗਲੇ ’ਤੇ ਕੋਈ ਨਿਸ਼ਾਨ ਦੇਖੇ ਅਤੇ ਪਤਨੀ ਬਲਜੀਤ ਕੌਰ ’ਤੇ ਹੱਤਿਆ ਦਾ ਸ਼ੱਕ ਪ੍ਰਗਟਾਇਆ। ਸੂਚਨਾ ਮਿਲਣ ’ਤੇ ਡੀਐੱਸਪੀ ਰਾਜਨਪਰਮਿੰਦਰ ਸਿੰਘ ਤੇ ਥਾਣਾ ਮੁੱਖੀ ਰਵਿੰਦਰ ਕੁਮਾਰ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਮ੍ਰਿਤਕ ਦੇ ਪਰਿਵਾਰ ਨੇ ਪੋਸਟ ਮਾਰਟਮ ਦੀ ਮੰਗ ਕਰਦਿਆਂ ਕਿਹਾ ਕਿ ਕੁਲਵਿੰਦਰ ਸਿੰਘ ਦਾ ਪਤਨੀ ਨਾਲ ਝਗੜਾ ਰਹਿੰਦਾ ਸੀ। ਪੁਲੀਸ ਵੱਲੋਂ ਬਲਜੀਤ ਕੌਰ, ਦੋਵੇਂ ਲੜਕੀਆਂ ਤੇ ਦੋ ਸਾਲੇ ਰਾਮ ਸਿੰਘ ਤੇ ਮੁਖਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ’ਚ ਪੁਲੀਸ ਵੱਲੋਂ ਤੁਰੰਤ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਪਿੰਡ ਭੱਟੀਆਂ ਦੇ ਲੋਕਾਂ ਨੇ ਜਰਨੈਲੀ ਸੜਕ ’ਤੇ ਜਾਮ ਲਾ ਦਿੱਤਾ। ਜਿਸ ਨਾਲ ਮੀਲਾਂ ਤੱਕ ਦੋਵੇਂ ਪਾਸੇ ਵ੍ਹੀਕਲਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸੇ ਦੌਰਾਨ ਡੀਐੱਸਪੀ ਰਾਜਨਪਰਮਿੰਦਰ ਸਿੰਘ ਅਤੇ ਇੰਸਪੈਕਟਰ ਰਵਿੰਦਰ ਕੁਮਾਰ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਪਿੱਛੋਂ ਕਰੀਬ ਤਿੰਨ ਘੰਟੇ ਬਾਅਦ ਜਾਮ ਖੁੱਲ੍ਹਿਆ।