ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਨਵੰਬਰ
ਗੁਰਦੁਆਰਾ ਨਾਨਕਸਰ, ਸਮਰਾਲਾ ਚੌਕ ਵਿਖੇ ਸੰਤ ਜਸਵੰਤ ਸਿੰਘ ਦੀ ਪਹਿਲੀ ਬਰਸੀ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ 21 ਅਖੰਡ ਪਾਠ ਦੀ ਆਰੰਭਤਾ ਨਾਲ ਅੱਜ ਸ਼ੁਰੂ ਹੋ ਗਏ ਹਨ ਜਿਨ੍ਹਾਂ ਵਿੱਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤ ਪੁੱਜੀ।
ਜੈਕਾਰਿਆਂ ਦੀ ਗੂੰਜ ਵਿੱਚ ਭਾਈ ਅਨਹਦਰਾਜ ਸਿੰਘ ਨੇ ਅਰਦਾਸ ਕਰਕੇ ਸਮਾਗਮਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਰਾਗੀ ਜਥਿਆਂ ਸਮੇਤ ਗੁਰਬਾਣੀ ਕੀਰਤਨ ਕਰਦਿਆਂ ਕਿਹਾ ਕਿ ਸੰਤ ਜਸਵੰਤ ਸਿੰਘ ਸੇਵਾ, ਸਿਮਰਨ ਪੁੰਜ, ਅਦੁੱਤੀ ਸ਼ਖਸੀਅਤ ਦੇ ਮਾਲਕ ਅਤੇ ਪਰਉਪਕਾਰੀ ਮਹਾਂਪੁਰਖ ਸਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਦੇ ਕਿਰਤ ਕਰੋ-ਨਾਮ ਜਪੋ ਤੇ ਵੰਡ ਛਕੋ ਦੇ ਸੰਦੇਸ਼ ਨੂੰ ਪੂਰੀ ਦ੍ਰਿੜਤਾ ਨਾਲ ਪਹਿਰਾ ਦੇਣ ਲਈ ਸੰਗਤ ਨੂੰ ਪ੍ਰੇਰਿਆ। ਇਸ ਮੌਕੇ ਬੀਜੇਐਸ ਡੈਂਟਲ ਕਾਲਜ, ਹਸਪਤਾਲ ਅਤੇ ਰਿਸਰਚ ਇੰਸਟੀਚਿਊਟ ਵੱਲੋਂ ਦੰਦਾਂ ਦੇ ਚਾਰ ਰੋਜ਼ਾ ਚੈੱਕਅੱਪ ਕੈਂਪ ਦਾ ਉਦਘਾਟਨ ਜਸਟਿਸ ਤਲਵੰਤ ਸਿੰਘ (ਜੱਜ ਦਿੱਲੀ ਹਾਈਕੋਰਟ) ਵੱਲੋਂ ਕੀਤਾ ਗਿਆ। ਪ੍ਰਿੰਸੀਪਲ ਡਾ. ਡੀਐਸ ਕਲਸੀ ਦੀ ਦੇਖ ਰੇਖ ਹੇਠ ਲੱਗੇ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀਆਂ ਟੀਮਾਂ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਕੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣਗੇ।
ਇਸ ਮੌਕੇ ਪ੍ਰਵਾਸੀ ਭਾਰਤੀ ਸੁਰਿੰਦਰ ਸਿੰਘ, ਤਰਸੇਮ ਸਿੰਘ, ਬਲਦੇਵ ਸਿੰਘ, ਹਰਿੰਦਰ ਸਿੰਘ ਤੋਂ ਇਲਾਵਾ ਅਮਰਜੀਤ ਸਿੰਘ ਵਾਇਸ ਚੇਅਰਮੈਨ ਬੀਜੇਐਸ ਡੈਂਟਲ ਕਾਲਜ, ਡਾ. ਅਮਨਪ੍ਰੀਤ ਸਿੰਘ ਡਾਇਰੈਕਟਰ ਬੀਜੇਐਸ ਡੈਂਟਲ ਕਾਲਜ, ਦਲਬੀਰ ਸਿੰਘ ਕੇਡਬਲਯੂ ਆਦਿ ਵੀ ਹਾਜ਼ਰ ਸਨ।