ਗੁਰਿੰਦਰ ਸਿੰਘ
ਲੁਧਿਆਣਾ, 19 ਦਸੰਬਰ
ਇਥੋਂ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਅੱਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ’ਚ ਸੰਗਤ ਨਤਮਸਤਕ ਹੋਈ। ਇਸ ਸਮਾਗਮ ਦੌਰਾਨ ਕੀਰਤਨੀ ਜਥਿਆਂ ਨੇ ਸੰਗਤ ਨੂੰ ਬਾਣੀ ਨਾਲ ਨਿਹਾਲ ਕੀਤਾ ਤੇ ਸਿੱਖੀ ਨਾਲ ਜੁੜਨ ਲਈ ਪ੍ਰੇਰਿਆ। ਇਸ ਸਮਾਗਮ ਵਿੱਚ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੁਨੀਆਂ ਅੰਦਰ ਦੋ ਸ਼ਕਤੀਆਂ ਧਰਮ ਅਤੇ ਰਾਜ ਹਮੇਸ਼ਾਂ ਹੀ ਪ੍ਰਭਾਵਸ਼ਾਲੀ ਰਹਿੰਦੀਆਂ ਹਨ, ਕਿਉਂਕਿ ਧਰਮ ਤੋਂ ਬਿਨਾਂ ਰਾਜ ਜ਼ਾਲਮ ਹੋ ਜਾਂਦਾ ਹੈ ਅਤੇ ਰਾਜ ਨਾਲ ਧਰਮ ਦਾ ਬੋਲਬਾਲਾ ਹੁੰਦਾ ਹੈ। ਇਸੇ ਲਈ ਸਿੱਖ ਧਰਮ ਵਿੱਚ ਧਰਮ ਤੇ ਰਾਜ ਦਾ ਸੁਮੇਲ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜ ਹਮੇਸ਼ਾਂ ਹੀ ਧਰਮ ਨੂੰ ਆਪਣੇ ਨਾਲ ਲੈ ਕੇ ਚੱਲੇ ਤਾਂ ਰਾਜਾ ਕਦੇ ਜ਼ਾਲਮ ਨਹੀਂ ਹੁੰਦਾ ਅਤੇ ਜ਼ੁਲਮ ਨਹੀਂ ਕਰਦਾ, ਨਾ ਹੀ ਉਹ ਧੱਕੇਸ਼ਾਹੀ ਕਰਦਾ ਹੈ। ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਹਿੰਦੂ ਧਰਮ ਦੀ ਰਾਖੀ ਲਈ ਕੀਤੀ ਕੁਰਬਾਨੀ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਸੰਗਤ ਨੂੰ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ।
ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵੰਤ ਸਿੰਘ, ਭਾਈ ਸਿਮਰਪ੍ਰੀਤ ਸਿੰਘ, ਭਾਈ ਸੰਦੀਪ ਸਿੰਘ, ਭਾਈ ਜਬਰਤੋੜ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਸਿਮਰਜੀਤ ਸਿੰਘ ਅਤੇ ਬੀਬੀ ਰਣਜੀਤ ਕੌਰ ਦੇ ਜਥਿਆਂ ਨੇ ਕੀਰਤਨ ਕੀਤਾ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।
ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਗੁਰਦੁਆਰਿਆਂ ਵਿੱਚ ਗੁਰਮਤਿ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿੱਚ ਸੰਗਤ ਨੇ ਵਧ ਚੜ੍ਹਕੇ ਸ਼ਮੂਲੀਅਤ ਕੀਤੀ। ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ-ਰੇਖ ਹੇਠ ਗੁਰਮਤਿ ਸਮਾਗਮ ਹੋਇਆ।
ਇਸੇ ਤਰ੍ਹਾਂ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੁਰਗਾਪੁਰੀ ਹੈਬੋਵਾਲ ਕਲਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ, ਗ੍ਰੰਥੀ ਭਾਈ ਭੁਪਿੰਦਰ ਸਿੰਘ, ਭਾਈ ਵਿਕਰਮ ਸਿੰਘ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ ਨੇ ਗੁਰਬਾਣੀ ਕੀਰਤਨ ਕੀਤਾ।