ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਜੂਨ
ਚਕਰ ਸਪੋਰਟਸ ਅਕੈਡਮੀ ਦੇ ਖਿਡਾਰੀ ਗੁਰਮੁੱਖ ਸਿੰਘ ਸਿੱਧੂ ਨੇ ਰਾਜਸਥਾਨ ਫੁਟਬਾਲ ਕਲੱਬ ਵੱਲੋਂ ਕੋਲਕਾਤਾ ਵਿੱਚ ਹੋਈ ਫੁਟਬਾਲ ਆਈ ਲੀਗ ਵਿੱਚ ਖੇਡ ਕੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪਿੰਡ ਵਾਪਸ ਪਰਤਣ ’ਤੇ ਨਗਰ ਪੰਚਾਇਤ, ਪਿੰਡ ਵਾਸੀਆਂ ਅਤੇ ਖਿਡਾਰੀਆਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਅਕੈਡਮੀ ਦੇ ਪ੍ਰਬੰਧਕਾਂ ਜਸਕਿਰਨਪ੍ਰੀਤ ਸਿੰਘ ਅਤੇ ਅਮਿਤ ਕੁਮਾਰ ਨੇ ਦੱਸਿਆ ਕਿ ਗੁਰਮੁੱਖ ਸਿੰਘ ਚਕਰ ਅਕੈਡਮੀ ਦਾ ਬਿਹਤਰੀਨ ਫੁਟਬਾਲਰ ਹੈ ਜੋ ਈਸਟ ਬੰਗਾਲ, ਮਿਨਰਵਾ ਅਕੈਡਮੀ ਚੰਡੀਗੜ੍ਹ ਅਤੇ ਗੜਵਾਲ ਕਲੱਬ ਦਿੱਲੀ ਵੱਲੋਂ ਵੀ ਖੇਡ ਚੁੱਕਿਆ ਹੈ। ਪਿਛਲੇ ਸਾਲ ਉਸ ਦੀ ਚੋਣ ਰਾਜਸਥਾਨ ਫੁਟਬਾਲ ਕਲੱਬ ਵਿੱਚ ਹੋਈ ਸੀ। ਬੰਗਲੁਰੂ ਵਿੱਚ ਹੋਈ ਸੈਕਿੰਡ ਡਿਵੀਜ਼ਨ ਆਈ ਲੀਗ ਵਿੱਚ ਰਾਜਸਥਾਨ ਫੁਟਬਾਲ ਕਲੱਬ ਦੀ ਟੀਮ ਨੂੰ ਚੈਂਪੀਅਨ ਬਣਾਉਣ ਵਿੱਚ ਗੁਰਮੁਖ ਸਿੰਘ ਦਾ ਅਹਿਮ ਯੋਗਦਾਨ ਰਿਹਾ। ਗੁਰਮੁਖ ਸਿੰਘ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਆਈ ਲੀਗ ਵਿੱਚ ‘ਰਾਜਸਥਾਨ ਫੁੱਟਬਾਲ ਕਲੱਬ’ ਵੱਲੋਂ ਖੇਡੇ ਗਏ ਕੁੱਲ 18 ਵਿੱਚੋਂ ਉਸ ਨੇ 16 ਮੈਚ ਖੇਡੇ। ਸਨਮਾਨ ਸਮਾਰੋਹ ਦੌਰਾਨ ਸਰਪੰਚ ਸੁਖਦੇਵ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਸਾਬਕਾ ਪੰਚ ਰੂਪ ਸਿੰਘ, ਸ਼ਬਦ ਅਦਬ ਸਾਹਿਤ ਸਭਾ ਦੇ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਗੁਰਮੁਖ ਸਿੰਘ ਦਾ ਹੌਸਲਾ ਵਧਾਇਆ। ਇਸ ਮੌਕੇ ਚਕਰ ਸਪੋਰਟਸ ਅਕੈਡਮੀ ਦੇ ਪ੍ਰਬੰਧਕ ਪ੍ਰਿੰ. ਬਲਵੰਤ ਸਿੰਘ ਸੰਧੂ ਅਤੇ ਅਕੈਡਮੀ ਦੇ ਪਹਿਲੇ ਕੋਚ ਜਗਜੀਤ ਸਿੰਘ ਮੱਲ੍ਹਾ ਨੇ ਗੁਰਮੁੱਖ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਬਾਕਸਿੰਗ ਕੋਚ ਲਵਪ੍ਰੀਤ ਕੌਰ, ਦਰਸ਼ਨ ਸਿੰਘ ਸੰਧੂ, ਜਗਸੀਰ ਸਿੰਘ ਸੰਧੂ, ਚਮਕੌਰ ਸਿੰਘ ਸਿੱਧੂ, ਸੁਖਵੀਰ ਸਿੰਘ ਅਤੇ ਹੋਰ ਖਿਡਾਰੀ ਮੌਜੂਦ ਸਨ।