ਸਤਵਿੰਦਰ ਬਸਰਾ
ਲੁਧਿਆਣਾ, 12 ਅਕਤੂਬਰ
ਜ਼ਿਲ੍ਹੇ ਦੇ ਪਿੰਡ ਕਮਾਲਪੁਰ ਦੇ ਭਾਰਤੀ ਅੰਡਰ-17 ਫੁਟਬਾਲ ਟੀਮ ਦੇ ਦੋ ਖਿਡਾਰੀਆਂ ਗੁਰਨਾਜ਼ ਸਿੰਘ ਗਰੇਵਾਲ ਅਤੇ ਬਲਕਰਨ ਸਿੰਘ ਨੂੰ ਆਪਣੀ ਖੇਡ ਰਾਹੀਂ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਲਈ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਸਨਮਾਨਿਆ ਗਿਆ। ਡਿਪਟੀ ਕਮਿਸ਼ਨਰ ਨੇ ਆਪਣੇ ਦਫ਼ਤਰ ਵਿੱਚ ਦੋਵਾਂ ਖਿਡਾਰੀਆਂ ਨੂੰ ਵਧਾਈ ਅਤੇ ਸਨਮਾਨ ਦਿੰਦਿਆਂ ਕਿਹਾ ਕਿ ਉਨ੍ਹਾਂ ਆਪਣੇ ਯਾਦਗਾਰੀ ਪ੍ਰਦਰਸ਼ਨ ਨਾਲ ਆਪਣੇ ਸੂਬੇ ਅਤੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਤਿਆਰੀ ਸਬੰਧੀ ਆਗਾਮੀ ਗੋਆ ਕੈਂਪ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੁਧਿਆਣਾ ਵਿੱਚ ਨਸ਼ਿਆਂ ਖ਼ਿਲਾਫ਼ ਗੁਰਨਾਜ਼ ਅਤੇ ਬਲਕਰਨ ਨੂੰ ਯੰਗ ਆਈਕਨ ਵਜੋਂ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਉਹ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇ ਸਕਣ। ਦੱਸਣਯੋਗ ਹੈ ਕਿ ਗੁਰਨਾਜ਼ ਸਿੰਘ ਗਰੇਵਾਲ ਅਤੇ ਬਲਕਰਨ ਸਿੰਘ ਦੋਵੇਂ ਅੰਡਰ-17 ਭਾਰਤੀ ਫੁਟਬਾਲ ਟੀਮ ਦਾ ਹਿੱਸਾ ਸਨ, ਜਿਨ੍ਹਾਂ ਹਾਲ ਹੀ ਵਿੱਚ ਸਾਊਦੀ ਅਰਬ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਏਸ਼ੀਅਨ ਫੁਟਬਾਲ ਕਨਫੈਡਰੇਸ਼ਨ (ਏ.ਐਫ.ਸੀ.) ਅੰਡਰ-17 ਏਸ਼ੀਅਨ ਕੱਪ ਲਈ ਜਗ੍ਹਾ ਬਣਾਈ ਹੈ। ਗੁਰਨਾਜ਼ ਚੰਡੀਗੜ੍ਹ ਫੁਟਬਾਲ ਅਕੈਡਮੀ ਵਿੱਚ ਸਿਖਲਾਈ ਲੈ ਰਿਹਾ ਹੈ ਅਤੇ ਬਲਕਰਨ ਆਨੰਦਪੁਰ ਸਾਹਿਬ ਫੁਟਬਾਲ ਅਕੈਡਮੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਆਪਣੇ ਕੋਚ ਹਰਜਿੰਦਰ ਸਿੰਘ, ਅੰਕੁਰ ਖੰਨਾ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਜਸਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਦਾ ਵੀ ਧੰਨਵਾਦ ਕੀਤਾ।