ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਮਈ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਲੁਧਿਆਣਾ ਜ਼ੋਨ ਨੇ ਜ਼ਿਲ੍ਹੇ ਦੇ 28 ਸਕੂਲਾਂ ਵਿੱਚ ‘ਰੰਗ ਭਰੋ ਮੁਕਾਬਲਾ’ ਕਰਵਾਇਆ ਜਿਸ ਵਿੱਚ ਲਗਭਗ 3,000 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਗੌਰਵਮਈ ਵਿਰਸੇ ਅਤੇ ਪੰਜਾਬੀ ਭਾਸ਼ਾ ਨੂੰ ਦਰਸਾਉਂਦੇ ਚਿੱਤਰਾਂ ਵਿੱਚ ਰੰਗ ਭਰ ਕੇ ਆਪਣਾ ਕਲਾ ਦਾ ਪ੍ਰਦਰਸ਼ਨ ਕੀਤਾ। ਇਹ ਮੁਕਾਬਲਾ ਦੋ ਗਰੁੱਪਾਂ ਵਿੱਚ ਕਰਵਾਇਆ ਗਿਆ। ਪਹਿਲੇ ਗਰੁੱਪ ਵਿੱਚ ਪਹਿਲੀ ਤੋਂ ਤੀਜੀ ਕਲਾਸ ਅਤੇ ਦੂਸਰੇ ਗਰੁੱਪ ਵਿੱਚ ਚੌਥੀ ਤੋਂ ਛੇਵੀਂ ਜਮਾਤ ਤੱਕ ਦੇ ਵਿਦਿਆਰਥੀ ਸ਼ਾਮਲ ਹੋਏ। ਸਰਕਲ ਦੇ ਜ਼ੋਨਲ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਏਵਨ ਰੇਂਜਰ ਸਾਈਕਲਾਂ, ਘੜੀਆਂ, ਖੇਡਾਂ ਦੇ ਸਾਮਾਨ, ਸਕੂਲ ਬੈਗ ਅਤੇ ਹੋਰ ਆਕਰਸ਼ਕ ਇਨਾਮ ਦਿੱਤੇ ਜਾਣਗੇ। ਇਸ ਮੁਕਾਬਲੇ ਨੂੰ ਸਫ਼ਲ ਬਣਾਉਣ ਵਿੱਚ ਪਰਮਜੀਤ ਸਿੰਘ, ਭੁਪਿੰਦਰ ਸਿੰਘ, ਅਰਵਿੰਦਰ ਸਿੰਘ, ਹਰਪਾਲ ਸਿੰਘ, ਮਨਮੋਹਣ ਸਿੰਘ, ਚਿਰਜੀਵ ਸਿੰਘ, ਸਤਵੰਤ ਸਿੰਘ, ਹਰਨਮਨ ਸਿੰਘ, ਮਿਲਨਪ੍ਰੀਤ ਸਿੰਘ, ਸਤਨਾਮ ਸਿੰਘ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਇਹੋ ਜਿਹੇ ਮੁਕਾਬਲੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ’ਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ।