ਪੱਤਰ ਪ੍ਰੇਰਕ
ਦੋਰਾਹਾ, 8 ਨਵੰਬਰ
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਈਕੋ ਕਲੱਬ, ਐੱਨਐੱਸਐੱਸ ਯੂਨਿਟ ਨੇ ਵਾਤਾਵਰਨ ਸਿੱਖਿਆ ਅਤੇ ਜਾਗਰੂਕਤਾ ਮੁਹਿੰਮ ਵਿੱਚ ਵਡਮੁੱਲਾ ਯੋਗਦਾਨ ਪਾਉਂਦਿਆਂ ਕਾਲਜ ਦਾ ਨਾਂ ਰੋਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਡਾ. ਲਵਲੀਨ ਬੈਂਸ ਦੀ ਅਗਵਾਈ ਹੇਠ ਕਾਲਜ ਦੀ ਐੱਨਸੀਸੀ ਯੂਨਿਟ ਵੱਲੋਂ ਵਾਤਾਵਰਣ ਸੰਭਾਲ, ਸੁਰੱਖਿਆ ਅਤੇ ਜਾਗਰੂਕਤਾ ਲਈ ਮੁਹਿੰਮ ਚਲਾਈ ਗਈ। ਇਸ ਤਹਿਤ ਵਾਲੰਟੀਅਰਾਂ ਨੇ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਬੂਟੇ ਲਾਏ, ਰੈਲੀਆਂ ਕੱਢੀਆਂ ਤੇ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਆ। ਜਿਸ ਕਾਰਨ ਕਾਲਜ ਦੇ ਯੋਗਦਾਨ ਨੂੰ ਦੇਖਦਿਆਂ ਪੰਜਾਬ ਯੂਨੀਵਰਸਿਟੀ ਦੇ ਈਕੋ ਕਲੱਬ ਵੱਲੋਂ ਉਕਤ ਕਾਲਜ ਨੂੰ ਸੈਸ਼ਨ 2023-24 ਦੌਰਾਨ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਸਰਵੋਤਮ ਪ੍ਰਦਰਸ਼ਨ ਕਰਲ ਵਾਲੇ ਕਾਲਜ ਵਜੋਂ ਚੁਣਿਆ ਗਿਆ ਹੈ। ਇਸ ਮੌਕੇ ਯੂਨੀਵਰਸਿਟੀ ਵੱਲੋਂ ਡਾ. ਰਜਤ ਸੰਧੀਰ, ਡਾ. ਪ੍ਰਵੀਨ ਗੋਇਲ, ਡਾ. ਮੰਦਾਕਿਨੀ ਠਾਕੁਰ ਤੇ ਡਾ. ਸੋਨੀਆ ਸ਼ਰਮਾ ਨੇ ਡਾ. ਲਵਲੀਨ ਬੈਂਸ ਨੂੰ ਸਰਵੋਤਮਤਾ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਐੱਨਐੱਸਐੱਸ ਵਾਲੰਟੀਅਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕੀਤੀ।