ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਅਕਤੂਬਰ
ਇੱਥੇ ਲੁਧਿਆਣਾ ਜ਼ਿਲ੍ਹਾ ਬੇਸਬਾਲ ਐਸੋਸੀਏਸ਼ਨ ਵੱਲੋਂ ਕਰਵਾਈ 13ਵੀਂ ਜੂਨੀਅਰ ਡਿਸਟ੍ਰਿਕ ਬੇਸਬਾਲ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਅੱਜ ਖਤਮ ਹੋ ਗਈ। ਦੋ ਦਿਨ ਚੱਲੀ ਇਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਵਿੱਚੋਂ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਅਤੇ ਲੜਕੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਲ ਦੀਆਂ ਟੀਮਾਂ ਜੇਤੂ ਰਹੀਆਂ। ਚੈਂਪੀਅਨਸ਼ਿਪ ਵਿੱਚ ਲੜਕਿਆਂ ਦੀਆਂ 14 ਅਤੇ ਲੜਕੀਆਂ ਦੀਆਂ 8 ਟੀਮਾਂ ਨੇ ਸ਼ਿਰਕਤ ਕੀਤੀ।
ਲੜਕਿਆਂ ਦੀਆਂ ਟੀਮਾਂ ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਸਰਕਾਰੀ ਸੀਨੀ. ਸੈਕੰ. ਸਕੂਲ ਕਾਸਾਬਾਦ ਨੇ ਬੀਸੀਐਮ ਸਕੂਲ ਪੱਖੋਵਾਲ ਨੂੰ 12-9 ਨਾਲ ਹਰਾ ਕਿ ਜਿੱਤਿਆ। ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚੋਂ ਗੁਰੂ ਨਾਨਕ ਮਾਡਲ ਸੀਨੀ. ਸੈਕੰ. ਸਕੂਲ ਢੋਲੇਵਾ ਨੇ ਬੀਸੀਐਮ ਫੋਕਲ ਪੁਆਇੰਟ ਦੀ ਟੀਮ ਨੂੰ 5-0 ਅੰਕਾਂ ਨਾਲ ਹਰਾਇਆ। ਫਾਈਨਲ ਵਿੱਚ ਗੁਰੂ ਨਾਨਕ ਸਕੂਲ ਢੋਲੇਵਾਲ ਦੀ ਟੀਮ ਨੇ ਸਰਕਾਰੀ ਸਕੂਲ ਕਾਸਾਬਾਦ ਨੂੰ 12-0 ਦੇ ਵੱਡੇ ਫਰਕ ਨਾਲ ਹਰਾਇਆ। ਬੀਸੀਐਮ ਫੋਕਲ ਪੁਆਇੰਟ ਦੀ ਟੀਮ ਨੇ ਬੀਸੀਐਮ ਪੱਖੋਵਾਲ ਨੂੰ 14-12 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੀਆਂ ਟੀਮਾਂ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਸਰਕਾਰੀ ਸਕੂਲ ਗਿੱਲ ਨੇ ਖਾਲਸਾ ਬੇਸਬਾਲ ਕਲੱਬ ਨੂੰ 2-0 ਨਾਲ ਹਰਾਇਆ। ਦੂਜੇ ਸੈਮੀਫਾਈਨਲ ਵਿੱਚ ਨਾਈਟਐਂਜ਼ਲ ਸਕੂਲ ਨੇ ਗਿੱਲ ਬੇਸਬਾਲ ਗਲੱਬ ਨੂੰ 1-0 ਨਾਲ ਹਰਾਇਆ। ਫਾਈਨਲ ਵਿੱਚ ਸਰਕਾਰੀ ਸਕੂਲ ਗਿੱਲ ਨੇ ਨਾਈਟਐਂਜ਼ਲ ਦੀ ਟੀਮ ਨੂੰ 8-0 ਦੇ ਵੱਡੇ ਫਰਕ ਨਾਲ ਹਰਾਇਆ। ਗਿੱਲ ਬੇਸਬਾਲ ਕਲੱਬ ਦੀ ਟੀਮ ਖਾਲਸਾ ਬੇਸਬਾਲ ਕਲੱਬ ਨੂੰ 1-0 ਨਾਲ ਹਰਾ ਕੇ ਤੀਜੇ ਸਥਾਨ ’ਤੇ ਰਹੀ। ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਗਮ ਵਿੱਚ ਲੁਧਿਆਣਾ ਡਿਸਟ੍ਰਿਕ ਬੇਸਬਾਲ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਹਰਬੀਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰਦੀਪ ਸਿੰਘ ਜੱਸਲ, ਜਤਿੰਦਰ ਕੁਮਾਰ ਠਾਕੁਰ, ਨੀਰੂ, ਵਨਇੰਦਰਜੀਤ ਸਿੰਘ ਅਬਦੁਲ, ਰਵੀ ਦੱਤ ਅਤੇ ਹਰਜਿੰਦਰ ਕੌਰ ਹਾਜ਼ਰ ਸਨ।