ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੁਲਾਈ
ਜਮਹੂਰੀ ਅਧਿਕਾਰ ਸਭਾ ਦੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਸੀਵਰੇਜ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋਣ ਨਾਲ 11 ਮਨੁੱਖੀ ਜਾਨਾਂ ਸਬੰਧੀ ਜਾਰੀ ਕੀਤੀ ਰਿਪੋਰਟ ਦੀ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਆਪਣੀ ਰਿਪੋਰਟ ਵਿੱਚ ਪੁਸ਼ਟੀ ਕੀਤੀ ਹੈ। ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਜਸਵੰਤ ਜੀਰਖ ਨੇ ਦੱਸਿਆ ਕਿ ਸਭਾ ਨੇ ਇਸ ਮਾਮਲੇ ਸਬੰਧੀ ਕਮੇਟੀ ਦਾ ਗਠਨ ਕਰਕੇ ਸਮੁੱਚੇ ਘਟਨਾਕ੍ਰਮ ਬਾਰੇ ਜਾਂਚ ਕਰਕੇ ਪਿਛਲੇ ਦਿਨੀਂ ਰਿਪੋਰਟ ਲੋਕ ਅਰਪਣ ਕੀਤੀ ਸੀ। ਉਸ ਰਿਪੋਰਟ ਵਿੱਚ ਜੋ ਤੱਥ ਸਾਹਮਣੇ ਲਿਆਂਦੇ ਗਏ ਸਨ, ਉਹਨਾਂ ਦੀ ਪੁਸ਼ਟੀ ਹੁਣ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਆਪਣੀ ਰਿਪੋਰਟ ਰਾਹੀਂ ਕਰ ਦਿੱਤੀ ਹੈ। ਸਭਾ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਗੈਸ ਹਾਈਡਰੋਜਨ ਸਲਫਾਈਡ ਹੀ ਸੀ ਜੋ ਸੀਵਰੇਜ ਵਿੱਚ ਹੀ ਪੈਦਾ ਹੁੰਦੀ ਹੈ। ਸਭਾ ਨੇ ਵੱਖ ਵੱਖ ਫੈਕਟਰੀਆਂ ਦਾ ਗੰਦਾ ਪਾਣੀ ਬਿਨਾ ਸੋਧਿਆਂ ਹੀ ਸੀਵਰੇਜ ਵਿੱਚ ਪਾਉਣ ਲਈ ਸਰਕਾਰੀ ਅਦਾਰਿਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਸੀ। ਸਭਾ ਨੇ ਸਪੱਸ਼ਟ ਕੀਤਾ ਸੀ ਕਿ ਲੋਕਾਂ ਤੋਂ ਸੀਵਰੇਜ ਬਿੱਲ ਤਾਂ ਵਸੂਲੇ ਜਾ ਰਹੇ ਹਨ, ਪਰ ਉਹਨਾਂ ਦੇ ਸਾਫ ਸਫਾਈ ਦਾ ਕੋਈ ਲੋੜੀਂਦਾ ਪ੍ਰਬੰਧ ਨਾ ਹੋਣ ਦਾ ਉਲਟਾ ਹਰਜਾਨਾ ਲੋਕਾਂ ਨੂੰ ਆਪਣੀਆਂ ਜਾਨਾਂ ਗੁਆ ਕੇ ਦੇਣਾ ਪੈ ਰਿਹਾ ਹੈ।