ਗਗਨਦੀਪ ਅਰੋੜਾ
ਲੁਧਿਆਣਾ, 7 ਮਈ
ਸਨਅਤੀ ਸ਼ਹਿਰ ਦੇ ਟਿੱਬਾ ਰੋਡ ਵਿਜੇ ਨਗਰ ਇਲਾਕੇ ’ਚ ਕਿਸੇ ਮਾਮੂਲੀ ਗੱਲ ’ਤੇ ਹੋਈ ਬਹਿਸ ਦੌਰਾਨ ਇੱਕ ਵਿਅਕਤੀ ਨੇ ਨਾਈ ਦੀ ਦੁਕਾਨ ’ਚ ਉਸਤਰੇ ਨਾਲ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਅੰਨ੍ਹੇ ਕਤਲ ਕਾਂਡ ਨੂੰ ਕਮਿਸ਼ਨਰੇਟ ਪੁਲੀਸ ਨੇ 6 ਘੰਟੇ ’ਚ ਹੀ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਟਾਵਰ ਲਾਈਨ ਨੰਬਰ 5 ਸਥਿਤ ਸਤਿਕਾਰ ਨਗਰ ਵਾਸੀ ਮੁਹੰਮਦ ਇਨਾਮ ਉਰਫ਼ ਪੱਪੂ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ’ਚ ਟਿੱਬਾ ਰੋਡ ਦੇ ਮੁਹੱਲਾ ਵਿਜੈ ਨਗਰ ਵਾਸੀ ਸੱਤਿਅਮ ਕੁਮਾਰ ਉਰਫ਼ ਲੰਬੂ ਦੇ ਖਿਲਾਫ਼ ਕੇਸ ਦਰਜ ਕਰ ਮੁਲਜ਼ਮ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਆਫ਼ ਪੁਲੀਸ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੁਹੰਮਦ ਇਨਾਮ ਪੁਨੀਤ ਨਗਰ ਮੁਹੱਲਾ ਮੇਨ ਰੋਡ ’ਤੇ ਪੱਪੂ ਹੇਅਰ ਡਰੈੱਸਰ ਦੇ ਨਾਮ ਤੋਂ ਦੁਕਾਨ ਚਲਾਉਂਦਾ ਸੀ। ਮੁਲਜ਼ਮ ਲੰਬੂ ਅਕਸਰ ਪੱਪੂ ਕੋਲ ਵਾਲ ਕਟਵਾਉਣ ਲਈ ਜਾਂਦਾ ਸੀ। ਦੇਰ ਰਾਤ ਕਰੀਬ 10 ਵਜੇ ਤੋਂ ਬਾਅਦ ਲੰਬੂ ਬਾਲ ਕਟਵਾਉਣ ਲਈ ਗਿਆ ਸੀ। ਪੂਰਾ ਬਾਜ਼ਾਰ ਬੰਦ ਹੋ ਚੁੱਕਿਆ ਸੀ ਤੇ ਸਿਰਫ਼ ਪੱਪੂ ਦੀ ਦੁਕਾਨ ਹੀ ਖੁੱਲ੍ਹੀ ਸੀ ਤੇ ਅੰਦਰ ਲੰਬੂ ਕਟਿੰਗ ਕਰਵਾ ਰਿਹਾ ਸੀ ਜਿਸ ਦੌਰਾਨ ਦੋਵਾਂ ’ਚ ਬਹਿਸ ਹੋਈ ਤੇ ਉੱਥੇ ਕੁੱਟਮਾਰ ਹੋਣ ਲੱਗੀ। ਇਸ ਦੌਰਾਨ ਲੰਬੂ ਨੇ ਦੁਕਾਨ ’ਚ ਪਿਆ ਉਸਤਰਾ ਚੁੱਕਿਆ ਤੇ ਪੱਪੂ ਦਾ ਗਲਾ ਵੱਢ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਮਗਰੋਂ ਮੁਲਜ਼ਮ ਦੁਕਾਨ ਦਾ ਅੱਧਾ ਸ਼ਟਰ ਥੱਲੇ ਕਰ ਫ਼ਰਾਰ ਹੋ ਗਿਆ।
ਚੌਕੀਦਾਰ ਨੇ ਅੱਧਾ ਸ਼ਟਰ ਖੁੱਲ੍ਹਿਆ ਦੇਖ ਕੇ ਪੁਲੀਸ ਨੂੰ ਸੂਚਿਤ ਕੀਤਾ
ਦੇਰ ਰਾਤ ਕਰੀਬ ਡੇਢ ਵਜੇ ਚੌਂਕੀਦਾਰ ਇਲਾਕੇ ’ਚ ਜਾ ਰਿਹਾ ਸੀ ਤਾਂ ਉਸਨੇ ਦੁਕਾਨ ਦਾ ਅੱਧਾ ਸ਼ਟਰ ਖੁੱਲ੍ਹਾ ਦੇਖਿਆ। ਉਸਨੇ ਸੋਚਿਆ ਕਿ ਸ਼ਾਇਦ ਚੋਰੀ ਹੋ ਗਈ ਹੈ। ਚੌਕੀਦਾਰ ਨੇ ਸ਼ਟਰ ਚੁੱਕਿਆ ਤਾਂ ਅੰਦਰ ਪੱਪੂ ਦੀ ਲਾਸ਼ ਖੂਨ ਨਾਲ ਲਥਪਥ ਪਈ ਸੀ, ਜਿਸ ਤੋਂ ਬਾਅਦ ਉਸਨੇ ਇਸਦੀ ਜਾਣਕਾਰੀ ਕੰਟਰੋਲ ਰੂਮ ਨੂੰ ਦਿੱਤੀ ਤਾਂ ਥਾਣਾ ਟਿੱਬਾ ਦੀ ਪੁਲੀਸ ਮੌਕੇ ’ਤੇ ਪੁੱਜੀ। ਜੁਆਇੰਟ ਪੁਲੀਸ ਕਮਿਸ਼ਨਰ ਰੂਰਲ ਰਵਚਰਨ ਸਿੰਘ ਬਰਾੜ ਤੇ ਫਿੰਗਰ ਪ੍ਰਿੰਟ ਮਾਹਰ ਮੌਕੇ ’ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ। ਜਦੋਂ ਪੁਲੀਸ ਨੇ ਇਲਾਕੇ ਦੇ ਸੀਸੀਟੀਵੀ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਮੁਲਜ਼ਮ ਦੇਰ ਰਾਤ ਦੁਕਾਨ ਅੰਦਰ ਗਿਆ ਸੀ ਤੇ ਉਹ ਹੀ ਬਾਹਰ ਆਇਆ ਸੀ।