ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 2 ਅਗਸਤ
ਥਾਣਾ ਜੋਧਾਂ ਦੀ ਪੁਲੀਸ ਨੇ ਲੁੱਟਾਂ-ਖੋਹਾਂ, ਚੋਰੀ ਅਤੇ ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿੱਚ ਅੱਧੀ ਦਰਜਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਸਬਿੰਦਰ ਸਿੰਘ ਖਹਿਰਾ ਉਪ ਪੁਲੀਸ ਕਪਤਾਨ ਦਾਖਾ ਨੇ ਦੱਸਿਆ ਕਿ ਉਪਰੋਥਲੀ ਹੋਈਆਂ ਲੁੱਟ-ਖੋਹ ਅਤੇ ਚੋਰੀ ਦੀਆ ਵਾਰਦਾਤਾਂ ਵਿੱਚ ਲੋੜੀਂਦੇ ਲਵਪ੍ਰੀਤ ਸਿੰਘ ਉਰਫ਼ ਲੱਭਾ ਅਤੇ ਦਿਲਪ੍ਰੀਤ ਸਿੰਘ ਉਰਫ਼ ਪੀਤਾ ਵਾਸੀ ਕਿਲ੍ਹਾ ਰਾਏਪੁਰ, ਗੁਰਵਿੰਦਰ ਸਿੰਘ ਉਰਫ਼ ਗੌਰਵ ਵਾਸੀ ਜੜਤੌਲੀ ਅਤੇ ਅਮਰਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਲੁਧਿਆਣਾ ਨੂੰ ਵਾਰਦਾਤ ਸਮੇਂ ਵਰਤੇ ਹੀਰੋ ਹਾਂਡਾ ਮੋਟਰਸਾਈਕਲ ਨੰਬਰ ਪੀਬੀ 10 ਐਚਬੀ 3762 ਅਤੇ ਕਿਰਪਾਨ ਸਮੇਤ ਚੌਕੀ ਇੰਚਾਰਜ ਗੁਰਦੀਪ ਸਿੰਘ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਮੋਬਾਈਲ ਫ਼ੋਨ, ਕੁਝ ਨਕਦੀ ਅਤੇ ਜ਼ਰੂਰੀ ਕਾਗ਼ਜ਼ਾਤ ਵੀ ਬਰਾਮਦ ਕੀਤੇ ਹਨ। ਫਰਵਰੀ ਵਿੱਚ ਘੁੰਗਰਾਣਾ ਦੇ ਸਰਕਾਰੀ ਸਕੂਲ ਵਿੱਚੋਂ ਫ਼ਰਿੱਜ, 10 ਬੈਟਰੀਆਂ, ਕੂਕਰ, ਦੇਗੇ ਅਤੇ ਕੁਝ ਰਾਸ਼ਨ ਦਾ ਸਾਮਾਨ ਚੋਰੀ ਕਰਨ ਅਤੇ ਫੇਰੀ ਲਾਉਣ ਵਾਲਿਆਂ ਨੂੰ ਵੇਚਣਾ ਵੀ ਕਬੂਲਿਆ ਹੈ। ਉੱਧਰ ਬੂਟਾ ਸਿੰਘ ਅਤੇ ਪਰਗਟ ਸਿੰਘ ਵਾਸੀ ਚਮਿੰਡਾ ਨੂੰ ਨਸ਼ੀਲੇ ਪਾਊਡਰ ਅਤੇ ਸਵਿਫ਼ਟ ਕਾਰ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਇਸੇ ਦੌਰਾਨ ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਵਾਸੀ ਜਗਸੀਰ ਸਿੰਘ ਉਰਫ਼ ਰਵੀ ਜੋ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਭਗੌੜਾ ਸੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ।