ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਮਈ
ਸੀਆਈਏ ਦੋ ਦੀ ਪੁਲੀਸ ਨੇ ਇੱਕ ਜਣੇ ਨੂੰ 500 ਗ੍ਰਾਮ ਅਫ਼ੀਮ ਅਤੇ 1 ਲੱਖ ਰੁਪਏ ਦੀ ਨਗਦੀ ਸਣੇ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਹੈ ਕਿ ਥਾਣੇਦਾਰ ਬਲਵੰਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਲੋਹਾਰਾ ਨਹਿਰ ਦੇ ਪੁਲ ’ਤੇ ਮੌਜੂਦ ਸੀ ਤਾਂ ਇੱਕ ਕਾਰ ਸਵਾਰ ਨੂੰ ਰੋਕਿਆ। ਡਰਾਈਵਰ ਰਣਦੀਪ ਸਿੰਘ ਦੀ ਸ਼ੱਕ ਦੇ ਆਧਾਰ ’ਤੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 500 ਗ੍ਰਾਮ ਅਫ਼ੀਮ ਅਤੇ 1 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਕਾਰ ਜ਼ਬਤ ਕਰ ਲਈ ਹੈ।
ਜਾਂਚ ਅਧਿਕਾਰੀ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਹੈ। ਇਸ ਦੌਰਾਨ ਉਸ ਕੋਲੋਂ ਪੜਤਾਲ ਕੀਤੀ ਜਾ ਰਹੀ ਹੈ।
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਥਾਣਾ ਸੁਧਾਰ ਦੀ ਪੁਲੀਸ ਨੇ ਪਿੰਡ ਜੱਸੋਵਾਲ ਤੋਂ ਤੁਗਲ ਨੂੰ ਜਾਣ ਵਾਲੀ ਸੜਕ ਉੱਪਰ ਬਣੇ ਗੇਟ ਲਾਗੇ ਗੁਰਮੀਤ ਸਿੰਘ ਨੂੰ 15 ਕਿਲੋ ਭੁੱਕੀ ਸਣੇ ਕਾਬੂ ਕੀਤਾ ਹੈ। ਥਾਣੇਦਾਰ ਰਾਜਦੀਪ ਸਿੰਘ ਅਨੁਸਾਰ ਪਿੰਡ ਸੁਧਾਰ ਵਿਚ ਗਸ਼ਤ ਦੌਰਾਨ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਗੁਰਮੀਤ ਸਿੰਘ ਭੁੱਕੀ ਸਮੇਤ ਕਾਬੂ ਆ ਸਕਦਾ ਹੈ। ਮੁਲਜ਼ਮ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਕਾਨੂੰਨ ਤਹਿਤ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ, ਜਾਂਚ ਦੀ ਜ਼ਿੰਮੇਵਾਰੀ ਥਾਣੇਦਾਰ ਲਖਵੀਰ ਸਿੰਘ ਨੂੰ ਸੌਂਪੀ ਗਈ ਹੈ।