ਸੰਤੋਖ ਗਿੱਲ
ਗੁਰੂਸਰ ਸੁਧਾਰ, 17 ਜੂਨ
ਹਲਵਾਰਾ ਵਿਚ ਬਣਨ ਵਾਲੇ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖੇ ਜਾਣ ਦਾ ਭਰੋਸਾ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਅੱਜ ਪਿੰਡ ਸਰਾਭਾ ਵਿਚ ਇਕ ਉਦਘਾਟਨੀ ਸਮਾਗਮ ਵਿਚ ਦਿੱਤਾ। ਸ਼੍ਰੀ ਸਿੰਗਲਾ ਨੇ ਲੁਧਿਆਣਾ ਤੋਂ ਜੋਧਾਂ-ਸਰਾਭਾ ਹੋ ਕੇ ਰਾਏਕੋਟ ਜਾਂਦੇ ਸੜਕ ਮਾਰਗ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਦਾ ਰਸਮੀ ਉਦਘਾਟਨ ਵੀ ਕੀਤਾ। ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਮਾਮਲਾ ਕੇਂਦਰ ਸਰਕਾਰ ਅਤੇ ਏਅਰਪੋਰਟ ਅਥਾਰਿਟੀ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਤਾਂ ਕਿ ਨਵੇਂ ਬਣਨ ਵਾਲੇ ਹਵਾਈ ਅੱਡੇ ਦਾ ਨਾਂ ਸ਼ਹੀਦ ਸਰਾਭਾ ਦੇ ਨਾਂ ’ਤੇ ਰੱਖਿਆ ਜਾ ਸਕੇ, ਉਹ ਜਲਦੀ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਉਣਗੇ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਸਰਾਭਾ ਹੋ ਕੇ ਰਾਏਕੋਟ ਜਾਣ ਵਾਲੀ ਸੜਕ ਦਾ ਨਾਂ ਸ਼ਹੀਦ ਸਰਾਭਾ ਦੇ ਨਾਂ ’ਤੇ ਰੱਖਣ ਸਬੰਧੀ ਬਕਾਇਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸੜਕਾਂ ਦੀ ਹਾਲਤ ਸੁਧਾਰਨ ਲਈ ਪੰਜਾਬ ਸਰਕਾਰ 58 ਕਰੋੜ ਤੋਂ ਵੱਧ ਰੁਪਏ ਖ਼ਰਚ ਕਰ ਰਹੀ ਹੈ ਜਿਸ ਵਿੱਚੋਂ 34 ਕਰੋੜ ਰੁਪਏ ਦੇ ਕੰਮ ਪੂਰੇ ਹੋ ਚੁੱਕੇ ਹਨ ਅਤੇ 11 ਕਰੋੜ ਦੇ ਕੰਮ ਚੱਲ ਰਹੇ ਹਨ, ਜਦਕਿ 12 ਕਰੋੜ ਦੇ ਮਨਜ਼ੂਰੀ ਅਧੀਨ ਹਨ। ਇਸ ਮੌਕੇ ਉਨ੍ਹਾਂ ਪਿੰਡ ਸਰਾਭਾ ਨੂੰ ਅੱਬੂਵਾਲ ਰਾਹੀਂ ਸੁਧਾਰ ਬਜ਼ਾਰ ਨਾਲ ਜੋੜਦੀ ਸੜਕ ਵੀ ਹੋਰ ਚੌੜੀ ਕਰਨ ਦਾ ਐਲਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਅਰਸੇ ਤੋਂ ਲਟਕਦੀ ਮੰਗ ਪੂਰੀ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ। ਵਿਧਾਇਕ ਕੁਲਦੀਪ ਸਿੰਘ ਵੈਦ, ਜਗਪਾਲ ਸਿੰਘ ਖੰਘੂੜਾ, ਸੋਨੀ ਗ਼ਾਲਬਿ, ਸਾਬਕਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਹਰਨੇਕ ਸਿੰਘ ਸਰਾਭਾ, ਸਰਪੰਚ ਸੁਖਜਿੰਦਰ ਕੌਰ ਸਰਾਭਾ ਵੀ ਮੌਜੂਦ ਸਨ।