ਪੱਤਰ ਪ੍ਰੇਰਕ
ਜਗਰਾਉਂ, 17 ਸਤੰਬਰ
ਸਾਹਿਤ ਸਭਾ ਦੀ ਇਕੱਤਰਤਾ ਪ੍ਰਧਾਨ ਅਵਤਾਰ ਜਗਰਾਉਂ ਦੀ ਪ੍ਰਧਾਨਗੀ ਅਤੇ ਹਰਕੋਮਲ ਬਰਿਆਰ ਦੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਦੀ ਆਰੰਭਤਾ ਕਰਦਿਆਂ ਸਭਾ ਦੇ ਮੈਂਬਰਾਂ ਨੇ ਸਾਬਕਾ ਕੇਂਦਰੀ ਮੰਤਰੀ ਸੀਤਾ ਰਾਮ ਯੇਚੁਰੀ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਉਪਰੰਤ ਹਰਕੋਮਲ ਬਰਿਆਰ ਨੇ ਰਚਨਾਵਾਂ ਦਾ ਦੌਰ ਸ਼ੁਰੂ ਕਰਵਾਇਆ, ਜਿਸ ਵਿੱਚ ਦਰਸ਼ਨ ਬੋਪਾਰਾਏ ਨੇ ਕਵਿਤਾ ‘ਖੋਹ ਖਿੰਜ’, ਮੇਜਰ ਸਿੰਘ ਛੀਨਾ ਨੇ ਗੀਤ ‘ਫੌਜੀ’, ਅਵਤਾਰ ਜਗਰਾਉਂ ਨੇ ਕਵਿਤਾ, ਹਰਬੰਸ ਅਖਾੜਾ ਨੇ ਕਵਿਤਾ ‘ਰਾਜਿਆ ਰਾਜ ਕਰੇਂਦਿਆ’, ਹਰਕੋਮਲ ਬਰਿਆਰ ਨੇ ਗਜ਼ਲ, ਗੁਰਜੀਤ ਸਹੋਤਾ ਨੇ ਗਜ਼ਲ, ਕਰਮ ਸਿੰਘ ਸੰਧੂ ਨੇ ਕਵਿਤਾ ‘ਦਿੱਲੀਏ, ਐੱਚ.ਐੱਸ. ਡਿੰਪਲ ਨੇ ਕਵਿਤਾ ‘ਦੇਵਨਾਥ’ ਨਾਲ ਆਪਣੀ ਹਾਜ਼ਰੀ ਲਗਵਾਈ। ਅਗਲੇ ਪੜਾਅ ਦੌਰਾਨ ਕਰਮ ਸਿੰਘ ਸੰਧੂ ਅਤੇ ਐੱਚ.ਐੱਸ. ਡਿੰਪਲ ਨੇ ਸੀਨੀਅਰ ਮੈਂਬਰ ਹਰਬੰਸ ਅਖਾੜਾ ਦੇ ਨਾਵਲ ‘ਕਰਮਾਂ ਸੰਦੜਾ ਖੇਤ’ ਤੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਅੰਤਿਮ ਪੜਾਅ ਦੌਰਾਨ ਮਹਿਮਾਨ ਮੈਨੇਜਰ ਗੁਰਦੀਪ ਸਿੰਘ ਤੇ ਅਵਿਨਾਸ਼ਦੀਪ ਦੀ ਹਾਜ਼ਰੀ ’ਚ ਸਭਾ ਦੇ ਸਮੂਹ ਮੈਂਬਰਾਂ ਨੇ ਨਾਵਲ ‘ਕਰਮਾਂ ਸੰਦੜਾ ਖੇਤ’ ਨੂੰ ਲੋਕ ਅਰਪਣ ਕੀਤਾ ਅਤੇ ਸਭਾ ਦੇ ਪ੍ਰਧਾਨ ਅਵਤਾਰ ਜਗਰਾਉਂ ਨੇ ਹਰਬੰਸ ਅਖਾੜਾ ਨੂੰ ਵਧਾਈ ਦਿੱਤੀ।