ਪੱਤਰ ਪ੍ਰੇਰਕ
ਸਮਰਾਲਾ, 2 ਦਸੰਬਰ
ਤੀਸਰੀ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ-2021, ਜੋ ਬਨਾਰਸ (ਯੂਪੀ) ਵਿੱਚ ਖਤਮ ਹੋਈ, ਜਿਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਵੱਖ-ਵੱਖ ਉਮਰ ਵਰਗ ਦੇ ਕਰੀਬ 700 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ ਹਰਭਜਨ ਸਿੰਘ ਮਾਦਪੁਰ (74 ਸਾਲ) ਨੇ 70+ ਵਰਗ ਉਮਰ ਵਿੱਚ ਤਮਗੇ ਪ੍ਰਾਪਤ ਕਰਕੇ ਮੁੜ ਸਮਰਾਲਾ ਇਲਾਕੇ ਦਾ ਨਾਂ ਪੂਰੇ ਭਾਰਤ ਵਿੱਚ ਰੌਸ਼ਨ ਕੀਤਾ ਹੈ। ਹਰਭਜਨ ਸਿੰਘ ਮਾਦਪੁਰ (74 ਸਾਲ) ਜੋ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇਨ੍ਹਾਂ ਖੇਡਾਂ ਵਿੱਚ ਭਾਗ ਲੈਂਦੇ ਆ ਰਹੇ ਹਨ, ਨੇ ਇਸ ਵਾਰ ਫਿਰ ਆਪਣੀ ਤਾਕਤ ਦਾ ਮੁਜ਼ਾਹਰਾ ਕਰਦੇ ਹੋਏ 70+ ਸਾਲ ਉਮਰ ਦੇ ਵਰਗ ਵਿੱਚ 400 ਮੀਟਰ ਰੇਸ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗ਼ਮਾ ਪ੍ਰਾਪਤ ਕੀਤਾ ਅਤੇ ਰਿਲੇਅ ਦੌੜ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਤਗ਼ਮਾ ਪ੍ਰਾਪਤ ਕੀਤਾ। ਹਰਭਜਨ ਸਿੰਘ ਮਾਦਪੁਰ ਨੇ ਆਪਣੀ ਕਾਰਗੁਜ਼ਾਰੀ ਸਬੰਧੀ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਕਿਹਾ ਕਿ ਹੁਣ ਏਸ਼ੀਅਨ ਗੇਮਜ਼, ਜੋ ਜਪਾਨ ਵਿੱਚ ਹੋਣੀਆਂ ਹਨ, ਵਿੱਚ ਜੇਕਰ ਉਨ੍ਹਾਂ ਦੀ ਚੋਣ ਹੋ ਜਾਂਦੀ ਹੈ ਤਾਂ ਉਹ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਕੇ ਵਧੀਆ ਕਾਰਗੁਜ਼ਾਰੀ ਦਿਖਾਉਣਗੇ ਅਤੇ ਮੈਡਲ ਪ੍ਰਾਪਤ ਕਰਨਗੇ।