ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 21 ਸਤੰਬਰ
ਜੈਨ ਧਰਮ ਦੇ ਪ੍ਰਮੁੱਖ ਸਾਧੂ ਸੰਤਾਂ ਦੇ ਨਿਰਦੇਸ਼ਾਂ ਅਨੁਸਾਰ 25 ਸਤੰਬਰ ਨੂੰ ਰਾਏਕੋਟ ਦੇ ਸਵਾਮੀ ਗੰਗਾ ਗਿਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਣ ਵਾਲੇ ਸਰਬ-ਧਰਮ ਸਮਾਗਮ ’ਚ ਭਗਵੰਤ ਮਾਨ ਸਰਕਾਰ ਦੇ ਪ੍ਰਤੀਨਿਧ ਵਜੋਂ ਪੰਜਾਬ ਦੇ ਵਿੱਤ, ਯੋਜਨਾ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਚੀਮਾ ਸ਼ਿਰਕਤ ਕਰਨਗੇ। ਉੱਤਰ ਭਾਰਤ ਦੇ ਪ੍ਰਮੁੱਖ ਸੰਤ ਪਿਯੂਸ਼ ਮੁਨੀ ਮਹਾਰਾਜ ਦਾ ਵਿਸ਼ੇਸ਼ ਸੰਦੇਸ਼ ਲੈ ਕੇ ਅਨਿਲ ਜੈਨ, ਗੌਰਵ ਕੌੜਾ ਅਤੇ ਬਲਜੀਤ ਸਿੰਘ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਮਿਲੇ। ਇਸ ਮੌਕੇ ਸੰਖੇਪ ਮੁਲਾਕਾਤ ਦੌਰਾਨ ਵਿੱਤ ਮੰਤਰੀ ਚੀਮਾ ਨੇ ਸਰਬ-ਧਰਮ ਸਮਾਗਮ ਵਿੱਚ ਸ਼ਿਰਕਤ ਦੀ ਹਾਮੀ ਭਰੀ। ਉਨ੍ਹਾਂ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਸਮਰਪਿਤ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਅਤੇ ਸੂਬੇ ਦੀ ਉੱਨਤੀ ਲਈ ਸਭ ਧਰਮਾਂ ਦਾ ਸਤਿਕਾਰ ਅਤੇ ਸ਼ਾਂਤੀ ਦਾ ਸੰਦੇਸ਼ ਬਹੁਤ ਮਹੱਤਵਪੂਰਨ ਹੈ।