ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਜਨਵਰੀ
ਹਰਿਆਣਾ ਦੇ ਭਿਵਾਨੀ ਨੇੜਲੇ ਪਿੰਡ ਦੇ ਸਾਬਕਾ ਫ਼ੌਜੀ ਦੀ ਪੰਜ ਕਰੋੜ ਦੀ ਲਾਟਰੀ ਲੱਗੀ ਹੈ। ਉਹ ਪਿਛਲੇ ਪੰਦਰਾਂ ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖ਼ਰੀਦਦਾ ਆ ਰਿਹਾ ਸੀ। ਉਨ੍ਹਾਂ ਨੇ ਨਾਗਾਲੈਂਡ ਦੀ ‘ਡੀਅਰ ਕ੍ਰਿਸਮਸ ਅਤੇ ਨਿਊ ਈਅਰ ਬੰਪਰ’ ਵਿਚ ਪੰਜ ਕਰੋੜ ਦੀ ਰਕਮ ਜਿੱਤੀ ਹੈ। ਉਨ੍ਹਾਂ ਨੇ ਆਪਣਾ ਟਿਕਟ ਕੋਲਕਾਤਾ ਸਥਿਤ ਨਾਗਾਲੈਂਡ ਸੂਬੇ ਦੇ ਲਾਟਰੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਉਨ੍ਹਾਂ ਪਿਤਾ ਵੀ ਫ਼ੌਜ ਵਿਚ ਸਨ ਅਤੇ ਉਨ੍ਹਾਂ ਦੇ ਦੋ ਪੁੱਤਰ ਵੀ ਫ਼ੌਜ ਵਿਚ ਹਨ। ਉਹ ਖ਼ੁਦ ਫ਼ੌਜ ਵਿਚੋਂ ਸੇਵਾਮੁਕਤ ਹੋਣ ਮਗਰੋਂ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰਨ ਲਈ ਕੁੱਝ ਵੱਡਾ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਕੋਲ ਆਰਥਿਕ ਸਾਧਨ ਸੀਮਤ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੀ 90,000 ਹਜ਼ਾਰ ਦੀ ਲਾਟਰੀ ਲੱਗੀ ਸੀ ਜਿਸ ਨਾਲ ਵੱਡੀ ਲਾਟਰੀ ਜਿੱਤਣ ਲਈ ਉਨ੍ਹਾਂ ਦਾ ਵਿਸ਼ਵਾਸ਼ ਹੋਰ ਪੱਕਾ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਲੋੜਾਂ ਸੀਮਤ ਕਰ ਕੇ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਨੂੰ ਤਰਜੀਹ ਦਿੰਦੇ ਹਨ। ਇਸ ਪੈਸੇ ਨੂੰ ਉਹ ਹੁਣ ਜ਼ਮੀਨ ਖ਼ਰੀਦਣ ਲਈ ਖ਼ਰਚ ਕਰਨਗੇ।