ਜਗਰਾਉਂ: ਪਿੰਡ ਕੁਲਾਰ ਵਿਚ ਗੁਆਂਢੀ ਵੱਲੋਂ ਔਰਤ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਰੋਕਣ ਤੋਂ ਹੋਏ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ ਅਤੇ ਮੁਲਜ਼ਮ ਨੇ ਗੰਡਾਸਾ ਮਾਰ ਕੇ ਇੱਕ ਦਾ ਸਿਰ ਪਾੜ ਦਿੱਤਾ ਅਤੇ ਔਰਤ ਦੇ ਕੱਪੜੇ ਪਾੜ ਦਿੱਤੇ। ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਪਰ ਮੁਲਜ਼ਮ ਪੁਲੀਸ ਦੇ ਹੱਥ ਨਹੀਂ ਲੱਗੇ। ਸ਼ਿਕਾਇਤਕਰਤਾ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਜਰਨੈਲ ਸਿੰਘ ਉਰਫ ਭਿੱਲਾ ਉਸ ਦੀ ਨੂੰਹ ਨੂੰ ਰਸਤੇ ’ਚ ਮਾੜੇ ਬੋਲ ਬੋਲਦਾ ਅਤੇ ਮਾੜੀਆਂ ਹਰਕਤਾਂ ਕਰ ਕੇ ਪ੍ਰੇਸ਼ਾਨ ਕਰਦਾ ਸੀ। ਜਦੋਂ ਉਹ ਜਰਨੈਲ ਨੂੰ ਇਸ ਹਰਕਤ ਤੋਂ ਰੋਕਣ ਲਈ ਉਸ ਦੇ ਘਰ ਅੱਗੇ ਗਿਆ ਤਾਂ ਜਰਨੈਲ ਸਿੰਘ ਆਪਣੇ ਘਰੋਂ ਤੇਜ਼ਧਾਰ ਗੰਡਾਸਾ ਲੈ ਆਇਆ ਅਤੇ ਗੁਰਨਾਮ ਸਿੰਘ ਦੇ ਸਿਰ ਵਿਚ ਮਾਰ ਦਿੱਤਾ। ਰੌਲਾ ਪੈਣ ’ਤੇ ਜਰਨੈਲ ਸਿੰਘ ਦੇ ਲੜਕੇ ਬਲਪ੍ਰੀਤ ਸਿੰਘ ਨੇ ਆਪਣੇ ਪਿਤਾ ਦੀ ਮਦਦ ਕਰਦਿਆਂ ਪੀੜਤ ਦੇ ਸਾਰੇ ਟੱਬਰ ਨੂੰ ਕੁੱਟਿਆ। ਇਸੇ ਦੌਰਾਨ ਜਰਨੈਲ ਸਿੰਘ ਨੇ ਪੀੜਤ ਦੀ ਨੂੰਹ ਦੇ ਕੱਪੜੇ ਵੀ ਪਾੜ ਦਿੱਤੇ। ਪੁਲੀਸ ਨੇ ਪਿਓ-ਪੁੱਤ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ। -ਪੱਤਰ ਪ੍ਰੇਰਕ