ਰੁੱਖਾਂ ਸਬੰਧੀ ਕਿਤਾਬਚਾ ਜਾਰੀ
ਪੱਤਰ ਪ੍ਰੇਰਕ
ਜਗਰਾਉਂ, 22 ਅਕਤੂਬਰ
ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਧਰਤੀ ਦਾ 33 ਫ਼ੀਸਦੀ ਰਕਬਾ ਰੁੱਖਾਂ ਹੇਠ ਕਰਨ ਦਾ ਬੀੜਾ ਚੁੱਕਿਆ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ’ਚ ਚੱਲ ਰਹੇ ਸਕੂਲਾਂ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਸਬੰਧੀ ਗੱਲ ਕਰਦਿਆਂ ਟੀਮ ਦੇ ਮੈਂਬਰ ਸੱਤਪਾਲ ਦੇਹੜਕਾ, ਪ੍ਰੋ. ਕਰਮ ਸਿੰਘ ਸੰਧੂ, ਮੇਜਰ ਸਿੰਘ ਛੀਨਾ ਨੇ ਦੱਸਿਆ ਕਿ ਜੇ ਦੇਸ਼ ਦੇ ਬੱਚੇ ਇਸ ਮੁਹਿੰਮ ਦਾ ਹਿੱਸਾ ਬਣ ਜਾਣ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਰੁੱਖਾਂ ਬਾਰੇ ਜਾਗਰੂਕ ਕਰਨ ਦੀ ਲੋੜ ਘਟ ਜਾਵੇਗੀ। ਉਨ੍ਹਾਂ ਦੱਸਿਆ ਕਿ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਰੁੱਖਾਂ ਦੀ ਹੋਂਦ ਕਿਉਂ ਜ਼ਰੂਰੀ ਹੈ, ਕਿਹੜਾ ਰੁੱਖ ਕਿਹੜੇ ਕੰਮ ਆਉਂਦਾ ਹੈ, ਕਿਹੜੇ ਦਰੱਖਤ ਸੜਕਾਂ ਦੇ ਦੁਆਲੇ, ਕਿਹੜੇ ਘਰਾਂ ’ਚ, ਕਿਹੜੇ ਪਿੰਡਾਂ ਦੀਆਂ ਫਿਰਨੀਆਂ ਉਤੇ ਲਗਾਏ ਜਾ ਸਕਦੇ ਹਨ। ਇਸ ਬਾਰੇ ਛਾਪਿਆ ਕਿਤਾਬਚਾ ਬੱਚਿਆਂ ਵਿੱਚ ਵੰਡਿਆ ਜਾ ਰਿਹਾ ਹੈ। ਪ੍ਰਾਜੈਕਟ ਮੈਨੇਜਰ ਜੋਧ ਸਿੰਘ ਨੇ ਦੱਸਿਆ ਕਿ ਜੇ ਬੱਚੇ ਇਸ ਮੁਹਿੰਮ ਦਾ ਹਿੱਸਾ ਬਣਦੇ ਹਨ ਤਾਂ 2026-27 ਤੱਕ 33 ਫ਼ੀਸਦੀ ਰਕਬਾ ਰੁੱਖਾਂ ਹੇਠ ਕਰਨ ਨਾਲ ਪੰਜਾਬ ਨੂੰ ਰੇਗਿਸਤਨ ਬਣਨੋਂ ਰੋਕਿਆ ਜਾ ਸਕਦਾ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ 50 ਫੁੱਟ ’ਤੇ ਆ ਸਕਦਾ ਹੈ। ਟੀਮ ਵੱਲੋਂ ਅਮਰੂਦ, ਕੜੀ ਪੱਤਾ, ਹਰੜ, ਬਹੇੜਾ, ਪੁੱਤਰਨਜੀਵ, ਨਿੰਬੂ, ਆਂਵਲਾ ਦੇ ਬੂਟਿਆਂ ਦੀ ਵੰਡ ਕੀਤੀ ਗਈ। ਟੀਮ ਵੱਲੋਂ ਕੀਤੇ ਕਾਰਜਾਂ ਦੀ ਸਰਪੰਚ ਕਰਮਜੀਤ ਸਿੰਘ ਦੇਹੜਕਾ, ਪ੍ਰਿੰਸੀਪਲ ਉਪਿੰਦਰਜੀਤ ਕੌਰ, ਰਵਿੰਦਰ ਸਿੰਘ ਰਾਜੂ ਨੇ ਸ਼ਲਾਘਾ ਕੀਤੀ ਅਤੇ ਹਰ ਇੱਕ ਨੂੰ ਇਸ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ ।
ਕੈਪਸਨ-ਗਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰ ਰੁੱਖਾਂ ਸਬੰਧੀ ਕਿਤਾਬਚਾ ਜਾਰੀ ਕਰਦੇ ਹੋਏ। -ਫੋਟੋ: ਢਿੱਲੋਂ