ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਅਕਤੂਬਰ
ਤਿਉਹਾਰੀ ਸੀਜ਼ਨ ਵਿੱਚ ਮਿਲਾਵਟੀ ਮਠਿਆਈ ਬਣਾਉਣ ਵਾਲਿਆਂ ’ਤੇ ਸਿਹਤ ਵਿਭਾਗ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਅੱਜ ਸਨਅਤੀ ਸ਼ਹਿਰ ਦੇ ਗੁਰਪਾਲ ਨਗਰ ਇਲਾਕੇ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਮਠਿਆਈ ਬਣਾਉਣ ਵਾਲੀ ਫੈਕਟਰੀ ’ਤੇ ਛਾਪਾ ਮਾਰਿਆ। ਟੀਮ ਨੇ ਗੰਦਗੀ ਭਰੇ ਮਾਹੌਲ ਵਿੱਚ ਬਣ ਰਹੀਆਂ ਮਠਿਆਈਆਂ ਨੂੰ ਨਸ਼ਟ ਕਰਵਾਇਆ। ਮਠਿਆਈ ਬਣਾਉਣ ਵਾਲਾ ਬਿਨਾਂ ਐੱਫਐੱਸਐੱਸਏਆਈ ਲਾਇਸੈਂਸ ਦੇ ਬਿਨਾਂ ਸਾਫ਼-ਸਫ਼ਾਈ ਵੱਲ ਧਿਆਨ ਦਿੰਦਿਆਂ ਮਠਿਆਈ ਤਿਆਰ ਕਰ ਰਿਹਾ ਸੀ।
ਡੀਐੱਚਓ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਛਾਪਾ ਮਾਰਨ ਗਈ ਟੀਮ ਨੇ ਫੈਕਟਰੀ ਵਿੱਚੋਂ ਖੋਆ, ਗੁਲਾਬੀ ਚਮਚਮ ਤੇ ਰਸਗੁੱਲੇ ਦੇ 5 ਨਮੂਨੇ ਲਏ। ਇਸ ਦੇ ਨਾਲ ਹੀ ਅਧਿਕਾਰੀ ਦਿਵਿਆਜੋਤ ਕੌਰ ਨੇ ਮੌਕੇ ’ਤੇ ਹੀ 20 ਕਿਲੋ ਗੁਲਾਬੀ ਚਮਚਮ, 50 ਕਿਲੋ ਖੋਆ, 10 ਕਿਲੋ ਬਰਫ਼ੀ, 10 ਕਿਲੋ ਗੁਲਾਬ ਜਾਮੁਨ ਨੂੰ ਨਸ਼ਟ ਕਰ ਦਿੱਤਾ।
ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਫੈਕਟਰੀ ਵਿੱਚ ਲੰਮੇ ਸਮੇਂ ਤੋਂ ਗੰਦਗੀ ਦੇ ਮਾਹੌਲ ਵਿੱਚ ਮਠਿਆਈ ਤਿਆਰ ਕੀਤੀ ਜਾ ਰਹੀ ਹੈ। ਇਹ ਮਠਿਆਈਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਪਲਾਈ ਕੀਤੀਆਂ ਜਾਂਦੀਆਂ ਹਨ। ਇਹ ਛਾਪਾ ਬੀਤੀ ਰਾਤ ਸਾਢੇ 8 ਵਜੇ ਮਾਰਿਆ ਗਿਆ ਤਾਂ ਉਸ ਵੇਲੇ ਉਥੇ ਗੰਦਗੀ ਭਰੇ ਮਾਹੌਲ ਵਿੱਚ ਮਠਿਆਈਆਂ ਤਿਆਰ ਹੋ ਰਹੀਆਂ ਸਨ। ਇਸ ਤੋਂ ਇਲਾਵਾ ਜੋਧੇਵਾਲ, ਸੁਧਾਰ ਤੇ ਮੁੱਲਾਂਪੁਰ ਦੇ ਖੇਤਰਾਂ ’ਚੋਂ 9 ਸੈਂਪਲ ਲਏ ਗਏ। ਸਾਰੇ ਦੁਕਾਨਦਾਰਾਂ ਨੂੰ ਨਿਯਮਾਂ ਤੇ ਹੁਕਮਾਂ ਦੀ ਪਾਲਣਾ ਕਰਦਿਆਂ ਚੰਗੀ ਮਠਿਆਈ ਅਤੇ ਭੋਜਨ ਤਿਆਰ ਕਰਨ ਦੀ ਹਦਾਇਤ ਕੀਤੀ ਗਈ।