ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਜੁਲਾਈ
ਡੇਂਗੂ ਦੇ ਖ਼ਤਰੇ ਨੂੰ ਦੇਖਦਿਆਂ ਅੱਜ ਲੁਧਿਆਣਾ ਵਿੱਚ ਪਟਿਆਲਾ ਦੀ ਸਿਹਤ ਵਿਭਾਗ ਦੀ ਟੀਮ ਨੇ ਅੰਮ੍ਰਿਤਪਾਲ ਕੌਰ ਦੀ ਅਗਵਾਈ ਹੇਠ ਡੇਂਗੂ ਸੰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਪਟਿਆਲਾ ਤੋਂ ਆਈ ਟੀਮ ਨੇ ਪਿਛਲੇ ਸਾਲ ਡੇਂਗੂ ਦੇ ਆਏ ਜ਼ਿਆਦਾ ਕੇਸਾਂ ਵਾਲੇ ਏਰੀਏ ਹੈਬੋਵਾਲ ਖੁਰਦ, ਰਿਸ਼ੀ ਨਗਰ ਬਲਾਕ 2, ਹੈਬੋਵਾਲ ਕਲਾਂ ਅਤੇ ਦੁਰਗਾਪੁਰੀ ਸਮੇਤ ਸੰਭਾਵਿਤ ਡੇਂਗੂ ਖੇਤਰਾਂ ਦਾ ਵਿਸ਼ੇਸ਼ ਤੌਰ ’ਤੇ ਸਰਵੇ ਕੀਤਾ ਗਿਆ।
ਇਸ ਮੌਕੇ ਟੀਮ ਨੇ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ’ਤੇ ਦਾਣੇ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਵਗਣਾ ਡੇਂਗੂ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੂਲਰਾਂ, ਗਮਲਿਆਂ, ਫਰਿੱਜ਼ਾਂ, ਟੁੱਟੇ ਬਰਤਨਾਂ, ਫਰਿੱਜ ਦੀਆਂ ਟਰੇਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਪਾਣੀ ਦੀਆਂ ਟੈਕੀਆਂ ਨੂੰ ਢੱਕ ਕੇ ਰੱਖਿਆ ਜਾਵੇ, ਕੱਪੜੇ ਅਜਿਹੇ ਪਾਏ ਜਾਣ ਜਿਸ ਨਾਲ ਸਾਰਾ ਸਰੀਰ ਢੱਕਿਆ ਜਾ ਸਕੇ ਤਾਂ ਕਿ ਮੱਛਰ ਨਾ ਕੱਟ ਸਕੇ, ਪਲਾਸਟਿਕ ਦੇ ਕੂੜੇ ਨੂੰ ਬਾਹਰ ਖੁੱਲ੍ਹੇ ਵਿੱਚ ਨਾ ਸੁੱਟਿਆ ਜਾਵੇ। ਬੁਖ਼ਾਰ ਹੋਣ ਦੀ ਹਾਲਤ ਵਿੱਚ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾਵੇ। ਟੀਮ ਨੂੰ ਸਰਵੇਖਣ ਕਰਦੇ ਸਮੇਂ ਸ਼ਿਮਲਾਪੁਰੀ, ਭਗਵਾਨ ਨਗਰ, ਪੰਜਾਬ ਮਾਤਾ ਨਗਰ, ਸੰਤ ਸਿੰਘ ਚੀਮਾ ਨਗਰ, ਸੁਭਾਸ਼ ਨਗਰ, ਨਿਊ ਮਾਧੋਪੁਰੀ, ਦੁਰਗਾਪੁਰੀ, ਸਰੂਪ ਨਗਰ, ਜਨਕਪੁਰੀ, ਰਿਸ਼ੀ ਨਗਰ ਅਤੇ ਨਿਊ ਕਿਦਵਈ ਨਗਰ ਵਿੱਚ ਲਾਰਵਾ ਮਿਲਿਆ ਅਤੇ ਟੀਮ ਵੱਲੋਂ ਮੌਕੇ ’ਤੇ ਦਵਾਈ ਪਾ ਕੇ ਇਸਨੂੰ ਨਸ਼ਟ ਕਰ ਦਿੱਤਾ ਗਿਆ।