ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਸਤੰਬਰ
ਸਥਾਨਕ ਜਲੰਧਰ ਬਾਈਪਾਸ ਨੇੜੇ ਬਣੀ ਸ਼ਬਜ਼ੀ ਮੰਡੀ ਦੇ ਅੰਦਰ ਲੱਗੇ ਗੰਦਗੀ ਦੇ ਢੇਰਾਂ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਬਜ਼ੀਆਂ ਅਤੇ ਹੋਰ ਰਹਿੰਦ-ਖੂੰਹਦ ਦੀ ਇਸ ਗੰਦਗੀ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਹੋਇਆ ਹੈ। ਮੰਡੀ ਦੇ ਕੂੜੇ ਨੂੰ ਨਗਰ ਨਿਗਮ ਵੱਲੋਂ ਕਥਿਤ ਤੌਰ ’ਤੇ ਕੂੜਾ ਡੰਪਾਂ ’ਤੇ ਸੁੱਟਣ ਦੀ ਆਗਿਆ ਨਾ ਦੇਣ ਕਰ ਕੇ ਸਫ਼ਾਈ ਠੇਕੇਦਾਰ ਨੇ ਸਫ਼ਾਈ ਤੋਂ ਅਸਮਰਥਾ ਪ੍ਰਗਟਾਈ।
ਸਥਾਨਕ ਸਬਜ਼ੀ ਮੰਡੀ ਜ਼ਿਲ੍ਹੇ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਮੰਨੀ ਜਾਂਦੀ ਹੈ। ਇੱਥੇ ਰੋਜ਼ਾਨਾਂ ਕਰੋੜਾਂ ਰੁਪਏ ਦਾ ਸਬਜ਼ੀ, ਫਲਾਂ ਅਤੇ ਹੋਰ ਫ਼ਸਲਾਂ ਦਾ ਵਪਾਰ ਹੁੰਦਾ ਹੈ। ਰੋਜ਼ਾਨਾ ਲੁਧਿਆਣਾ ਸ਼ਹਿਰ ਸਮੇਤ ਆਸ-ਪਾਸ ਦੇ ਕਈ ਹੋਰ ਸ਼ਹਿਰਾਂ ਦੇ ਹਜ਼ਾਰਾਂ ਦੁਕਾਨਦਾਰ ਇੱਥੋਂ ਖ਼ਰੀਦਦਾਰੀ ਕਰਨ ਆਉਂਦੇ ਹਨ। ਕਈ ਵਾਰ ਸਬਜ਼ੀ, ਫਲ ਅਤੇ ਹੋਰ ਸਾਮਾਨ ਖਰਾਬ ਹੋਣ ਕਰ ਕੇ ਦੁਕਾਨਦਾਰਾਂ ਵੱਲੋਂ ਨੇੜੇ ਹੀ ਲੱਗੇ ਢੇਰਾਂ ’ਤੇ ਸੁੱਟ ਦਿੱਤਾ ਜਾਂਦਾ ਹੈ। ਭਾਵੇਂ ਸਫ਼ਾਈ ਕਰਮੀਆਂ ਵੱਲੋਂ ਸਬਜ਼ੀ ਮੰਡੀ ਦੇ ਬਾਹਰੋਂ ਕੂੜੇ ਦੀ ਸਫ਼ਾਈ ਕਰ ਦਿੱਤੀ ਜਾਂਦੀ ਹੈ ਪਰ ਅੰਦਰਲੇ ਕੂੜੇ ਨੂੰ ਨਗਰ ਨਿਗਮ ਵੱਲੋਂ ਆਪਣੇ ਕੂੜਾ ਡੰਪਾਂ ’ਤੇ ਸੁੱਟਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਨੁਸਾਰ ਨਿਗਮ ਵੱਲੋਂ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਮੰਡੀ ਦੇ ਅੰਦਰਲੇ ਕੂੜੇ ਦੇ ਪ੍ਰਬੰਧ ਲਈ ਆਪਣਾ ਅੰਦਰ ਹੀ ਪ੍ਰਾਜੈਕਟ ਲਾਇਆ ਜਾਵੇ। ਇਹੋ ਵਜ੍ਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਮੰਡੀ ਦੇ ਅੰਦਰ ਗੰਦਗੀ ਵਧਦੀ ਜਾ ਰਹੀ ਹੈ। ਕਈ ਥਾਵਾਂ ’ਤੇ ਗੰਦਗੀ ਦੇ ਢੇਰ ਲੱਗੇ ਆਮ ਦੇਖੇ ਜਾ ਸਕਦੇ ਹਨ। ਇਸ ਗੰਦਗੀ ਕਾਰਨ ਨਾ ਸਿਰਫ ਸਬਜ਼ੀ ਮੰਡੀ ਵਿੱਚ ਫੜ੍ਹੀਆਂ ਲਾਉਣ ਵਾਲੇ ਦੁਕਾਨਦਾਰ ਔਖੇ ਹੁੰਦੇ ਹਨ, ਸਗੋਂ ਮੰਡੀ ਵਿੱਚੋਂ ਖਰ਼ੀਦਦਾਰੀ ਕਰਨ ਵਾਲੇ ਦੁਕਾਨਦਾਰ, ਨੇੜਿਓਂ ਲੰਘਦੀ ਸੜਕ ’ਤੇ ਜਾਂਦੇ ਰਾਹਗੀਰ ਵੀ ਪ੍ਰੇਸ਼ਾਨ ਹੋ ਰਹੇ ਹਨ। ਮੀਂਹ ਕਰ ਕੇ ਇਹੋ ਸਬਜ਼ੀਆਂ/ਫਲਾਂ ਦੀ ਰਹਿੰਦ-ਖੂੰਹਦ ਸੜਾਂਦ ਮਾਰਨ ਲੱਗਦੀ ਹੈ।
ਨਗਰ ਨਿਗਮ ਨੇ ਆਪਣੇ ਡੰਪਾਂ ’ਤੇ ਕੂੜਾ ਸੁੱਟਣ ’ਤੇ ਰੋਕ ਲਾਈ : ਸੈਕਟਰੀ
ਮਾਰਕੀਟ ਕਮੇਟੀ ਦੇ ਸੈਕਟਰੀ ਜਸਮੀਤ ਸਿੰਘ ਨੇ ਦੱਸਿਆ ਕਿ ਮੰਡੀ ਦੀ ਸਫ਼ਾਈ ਦਾ ਠੇਕਾ ਦਿੱਤਾ ਹੋਇਆ ਹੈ ਪਰ ਸਬਜ਼ੀ ਮੰਡੀ ਦੇ ਅੰਦਰਲਾ ਕੂੜਾ ਨਗਰ ਨਿਗਮ ਵੱਲੋਂ ਆਪਣੇ ਕੂੜਾ ਡੰਪਾਂ ’ਤੇ ਸੁੱਟਣ ’ਤੇ ਰੋਕ ਲਾਈ ਹੋਈ ਹੈ। ਨਿਗਮ ਵੱਲੋਂ ਮੰਡੀ ਦੇ ਅੰਦਰਲੇ ਕੂੜੇ ਦੇ ਪ੍ਰਬੰਧਨ ਲਈ ਅੰਦਰ ਹੀ ਕੋਈ ਪ੍ਰੋਜੈਕਟ ਲਾਉਣ ਲਈ ਆਖਿਆ ਜਾ ਰਿਹਾ ਹੈ। ਇਸ ਸਬੰਧੀ ਪ੍ਰਪੋਜ਼ਲ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।