ਲੁਧਿਆਣਾ (ਖੇਤਰੀ ਪ੍ਰਤੀਨਿਧ): ਗਰਮੀ ਦੇ ਵਧਣ ਨਾਲ ਨਾ ਸਿਰਫ ਆਮ ਜਨ-ਜੀਵਨ ਪ੍ਰਭਾਵਿਤ ਹੁੰਦਾ ਹੈ ਸਗੋਂ ਪਸ਼ੂਆਂ ਵਿੱਚ ਦੁੱਧ ਦੇਣ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਜਾਣਕਾਰੀ ਦਿੰਦਿਆਂ ਗੁਰੂ ਅੰਗਦ ਦੇਵ ਵੈਟਰਨਰੀ ’ਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਹਰੀਸ਼ ਕੁਮਾਰ ਵਰਮਾ ਨੇ ਕਿਹਾ ਕਿ ਗਰਮੀ ਵਧਣ ਨਾਲ ਪਸ਼ੂ ਚਾਰਾ ਖਾਣਾ ਘਟਾ ਦਿੰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਦੁੱਧ ਦੇਣ ਦੀ ਸਮਰੱਥਾ ਵੀ ਘਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਵਾਦਾਰ ਸ਼ੈੱਡ, ਪਾਣੀ ਦਾ ਸੁਚੱਜਾ ਪ੍ਰਬੰਧ, ਸਹੀ ਅਤੇ ਸੰਤੁਲਿਤ ਚਾਰਾ ਅਤੇ ਸਹੀ ਸਿਹਤ ਪ੍ਰਬੰਧਨ ਪਸ਼ੂਆਂ ਤੋਂ ਗਰਮੀ ਦਾ ਦਬਾਅ ਘਟਾਉਂਦਾ ਹੈ। ਪਸ਼ੂ ਖੁਰਾਕ ਵਿਭਾਗ ਦੇ ਪ੍ਰੋਫੈਸਰ ਡਾ. ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਮੌਸਮ ਵਿੱਚ ਹਰੇ ਚਾਰੇ ਦੀ ਵਰਤੋਂ ਵਧਾ ਦੇਣੀ ਚਾਹੀਦੀ ਹੈ। ਪਸ਼ੂਆਂ ਨੂੰ ਬਹੁਤੀ ਧੁੱਪ ਵਿੱਚ ਬਾਹਰ ਚਰਨ ਲਈ ਨਹੀਂ ਛੱਡਣਾ ਚਾਹੀਦਾ। ਪਰਜੀਵੀ ਵਿਭਾਗ ਦੇ ਮੁਖੀ ਡਾ. ਲਛਮਣ ਦਾਸ ਸਿੰਗਲਾ ਨੇ ਕਿਹਾ ਕਿ ਪਸ਼ੂ ਸਹੀ ਤਰੀਕੇ ਨਾਲ ਮਲੱਪ ਰਹਿਤ ਕਰਨਾ ਚਾਹੀਦਾ ਹੈ ਤੇ ਉਸ ਦਾ ਟੀਕਾਕਰਨ ਨਹੀਂ ਖੁੰਝਣਾ ਚਾਹੀਦਾ।