ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਮਈ
ਬਾਹਰੀ ਇਲਾਕਿਆਂ ’ਚੋਂ ਹੈਰੋਇਨ ਲਿਆ ਕੇ ਸ਼ਹਿਰ ’ਚ ਸਪਲਾਈ ਕਰਨ ਵਾਲੇ 2 ਮੁਲਜ਼ਮਾਂ ਨੂੰ ਸੀਆਈਏ-2 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਦੋਵੇਂ ਮੁਲਜ਼ਮ ਸੈਕਟਰ 32 ’ਚ ਹੈਰੋਇਨ ਦੀ ਸਪਲਾਈ ਦੇਣ ਲਈ ਜਾ ਰਹੇ ਸਨ। ਮੁਲਜ਼ਮਾਂ ਨੂੰ ਕਾਬੂ ਕਰ ਉਨ੍ਹਾਂ ਦੇ ਕਬਜ਼ੇ ’ਚੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲੀਸ ਅਨੁਸਾਰ ਇਸ ਮਾਮਲੇ ’ਚ ਟਿੱਬਾ ਰੋਡ ਦੀ ਸ਼ੰਕਰ ਕਲੋਨੀ ਵਾਸੀ ਵਿਜੈ ਕੁਮਾਰ ਉਰਫ਼ ਬਿੱਲੂ (36) ਅਤੇ ਮੁਹੱਲਾ ਵਾਲਮੀਕਿ ਨਗਰ ਵਾਸੀ ਸੰਨੀ ਨਾਹਰ ਦੇ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਇੱਕ ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।ਸੀਆਈਏ-2 ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਪੁਲੀਸ ਟੀਮ ਨੇ ਚੰਡੀਗੜ੍ਹ ਰੋਡ ਸਥਿਤ ਸੈਕਟਰ 32 ’ਚ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਹੈਰੋਇਨ ਤਸਕਰੀ ਦਾ ਧੰਦਾ ਕਰਦੇ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਨਾਕੇ ਦੌਰਾਨ ਸਵਿਫ਼ਟ ਕਾਰ ਸਣੇ ਰੋਕ ਲਿਆ ਤੇ ਤਲਾਸ਼ੀ ਦੌਰਾਨ ਹੈਰੋਇਨ ਬਰਾਮਦ ਕੀਤੀ। ਪੁਲੀਸ ਪੁੱਛਗਿੱਛ ’ਚ ਪਤਾ ਲੱਗਿਆ ਕਿ ਮੁਲਜ਼ਮ ਵਿਜੈ ਦੇ ਖਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦਾ ਕੇਸ ਦਰਜ ਹੈ, ਜਦੋਂ ਕਿ ਮੁਲਜ਼ਮ ਸੰਨੀ ਦੇ ਖਿਲਾਫ਼ ਤਿੰਨ ਵੱਖ-ਵੱਖ ਕੇਸ ਦਰਜ ਹਨ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰਕੇ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਉਹ ਹੈਰੋਇਨ ਕਿਸ ਵਿਅਕਤੀ ਤੋਂ ਲਿਆ ਕੇ ਅੱਗੇ ਕਿਨ੍ਹਾਂ ਨੂੰ ਸਪਲਾਈ ਕਰਦਾ ਹੈ। ਪੁਲੀਸ ਮੁਲਜ਼ਮਾਂ ਦੀ ਕਾਲ ਡਿਟੇਲ ਵੀ ਚੈਕ ਕਰਵਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਮੁਲਜ਼ਮਾਂ ਦੇ ਸੰਪਰਕ ’ਚ ਕੌਣ ਕੌਣ ਹੈ।