ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਕਤੂਬਰ
ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐਨ.ਐਚ.ਏ.ਆਈ.) ਦੀ ਡਾਇਰੈਕਟਰ ਪ੍ਰਿਅੰਕਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਨਾਲ ਲੱਗਦੇ ਇਲਾਕਿਆਂ ਵਿੱਚੋਂ ਲੰਘਦੇ ਨੈਸ਼ਨਲ ਹਾਈਵੇਅ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੀ ਮੌਜੂਦ ਸਨ। ਇਸ ਸਬੰਧੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਦਿਨੀਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਹਾਈਵੇਅ ਸਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਉਣ ਲਈ ਮੁਲਾਕਾਤ ਕੀਤੀ ਗਈ ਸੀ। ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਨੈਸ਼ਨਲ ਹਾਈਵੇਅ ਦੇ ਨਾਲ ਲੱਗਦੇ ਇਲਾਕਿਆਂ ਨੂੰ ਜੋ ਵੀ ਮੁਸ਼ਕਲਾਂ ਆ ਰਹੀਆਂ ਹਨ, ਉਨ੍ਹਾਂ ਦਾ ਫੌਰੀ ਤੌਰ ’ਤੇ ਹੱਲ ਕੀਤਾ ਜਾਵੇਗਾ। ਵਿਧਾਇਕ ਗਰੇਵਾਲ ਨੇ ਦੱਸਿਆ ਕਿ ਡਾਇਰੈਕਟਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਵਿਧਾਇਕ ਗਰੇਵਾਲ ਨੇ ਦੱਸਿਆ ਕਿ ਜਲੰਧਰ ਬਾਈਪਾਸ ਤੋਂ ਸ਼ੇਰਪੁਰ ਚੌਂਕ ਤੱਕ ਅੰਡਰ ਪਾਸ ਬਣਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਕੈਲਾਸ਼ ਨਗਰ, ਸੁੰਦਰ ਨਗਰ ਤੋਂ ਇਲਾਵਾ ਹੋਰਨਾਂ ਵੀ ਕਈ ਥਾਵਾਂ ’ਤੇ ਅੰਡਰਪਾਸਾਂ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਡਾਇਰੈਕੈਟਰ ਪ੍ਰਿਅੰਕਾ ਨੂੰ ਦੱਸਿਆ ਗਿਆ ਕਿ ਹਾਈਵੇਅ ’ਤੇ ਸਫਾਈ ਵਿਵਸਥਾ ਦਰੁਸਤ ਨਹੀਂ ਹੈ ਅਤੇ ਸੜਕ ’ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ। ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਜਲਦੀ ਹੀ ਹਾਈਵੇਅ ਸਬੰਧੀ ਇਲਾਕਾ ਵਾਸੀਆਂ ਅਤੇ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇਗਾ।