ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 9 ਸਤੰਬਰ
ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ’ਚ ਫੜ ਕੇ ਚੁੱਕੀ ਸਹੁੰ ਮੁਤਾਬਕ ਚੋਣ ਵਾਅਦੇ ਪੂਰੇ ਕਰਵਾਉਣ ਲਈ ਮਜ਼ਦੂਰਾਂ ਨੂੰ 13 ਸਤੰਬਰ ਨੂੰ ਪਟਿਆਲਾ ਪੁੱਜਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਇਸ ਸੂਬਾ ਪੱਧਰੀ ਮੁਜ਼ਾਹਰੇ ਲਈ ਜਗਰਾਉਂ ਇਲਾਕੇ ’ਚ ਲਾਮਬੰਦੀ ਤੇਜ਼ ਹੋ ਗਈ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਕਾਰਕੁਨਾਂ ਨੇ ਸ਼ਹਿਰ ਦੇ ਕਈ ਹਿੱਸਿਆਂ ਤੋਂ ਇਲਾਵਾ ਪਿੰਡਾਂ ’ਚ ਵੀ ਮੀਟਿੰਗਾਂ ਕੀਤੀਆਂ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 13 ਸਤੰਬਰ ਦਲਿਤ ਮਜ਼ਦੂਰਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਚੋਣ ਵਾਅਦੇ ਪੂਰੇ ਕਰਵਾਉਣ ਅਤੇ ਹੋਰ ਮੰਗਾਂ ਮਸਲੇ ਫੌਰੀ ਹੱਲ ਕਰਵਾਉਣ ਲਈ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਅੱਜ ਜਗਰਾਉਂ ਦੇ ਅਗਵਾੜ ਲਧਾਈ, ਰਾਣੀ ਵਾਲਾ ਖੂਹ, ਅਗਵਾੜ ਲੋਪੋਂ, ਗੁਰੂ ਦਾ ਭੱਠਾ, ਅਗਵਾੜ ਰੜਾ ਆਦਿ ਥਾਵਾਂ ’ਤੇ ਮਜ਼ਦੂਰਾਂ ਨਾਲ ਸੰਪਰਕ ਮੁਹਿੰਮ ਤਹਿਤ ਮੀਟਿੰਗਾਂ ਕਰਕੇ ਪਟਿਆਲਾ ਜਾਣ ਦਾ ਸੱਦਾ ਦਿੱਤਾ ਗਿਆ। ਜਥੇਬੰਦੀ ਨੇ ਮੰਗ ਕੀਤੀ ਕਿ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਅਤੇ ਬਿਜਲੀ ਬਿੱਲਾਂ ’ਤੇ ਲੀਕ ਮਾਰੀ ਜਾਵੇ। ਮਜ਼ਦੂਰਾਂ ਦੇ ਲਾਹੇ ਬਿਜਲੀ ਮੀਟਰ ਵਾਪਸ ਕਰਕੇ ਕੱਟੇ ਕੁਨੈਕਸ਼ਨ ਮੁੜ ਜੋੜੇ ਜਾਣ, ਲੋੜਵੰਦ ਮਜ਼ਦੂਰ ਪਰਿਵਾਰਾਂ ਨੂੰ 10-10 ਮਰਲੇ ਦੇ ਪਲਾਟ ਅਲਾਟ ਕਰ ਕੇ ਘਰ ਪਾਉਣ ਲਈ 5 ਲੱਖ ਰੁਪਏ ਤੱਕ ਦੀ ਗਰਾਂਟ ਜਾਰੀ ਕੀਤੀ ਜਾਵੇ। ਇਸ ਤੋਂ ਇਲਾਵਾ ਮਨਰੇਗਾ ਦੀ ਦਿਹਾੜੀ 600 ਰੁਪਏ ਕਰਕੇ ਪੂਰਾ ਸਾਲ ਕੰਮ ਦੇਣ ਦੀ ਵੀ ਮੰਗ ਕੀਤੀ ਗਈ। ਇਸੇ ਤਰ੍ਹਾਂ ਵਿਧਵਾ, ਬੁਢਾਪਾ ਅਤੇ ਆਸ਼ਰਿਤਾਂ ਲਈ ਪੈਨਸ਼ਨ 5000 ਹਜ਼ਾਰ ਰੁਪਏ ਮਹੀਨਾ ਕਰਨ ਲਈ ਕਿਹਾ ਗਿਆ।