ਨਰਿੰਦਰ ਸਿੰਘ
ਭਿੱਖੀਵਿੰਡ, 26 ਜੁਲਾਈ
ਥਾਣਾ ਸਦਰ ਪੱਟੀ ਦੇ ਪਿੰਡ ਸ਼ਹੀਦ ਵਿੱਚ ਦੋ ਧਿਰਾਂ ਦੇ ਹੋਏ ਝਗੜੇ ਵਿਚ ਇੱਕ ਧਿਰ ਵੱਲੋਂ 100 ਨੰਬਰ ਊੱਤੇ ਫੋਨ ਕਰਕੇ ਝਗੜੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੇ ਚੱਲਦਿਆਂ ਜਦੋਂ ਏਐੱਸਆਈ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੰਜ ਪੁਲੀਸ ਮੁਲਾਜ਼ਮਾਂ ਦੀ ਟੀਮ ਪਿੰਡ ਪੁੱਜੀ ਤਾਂ ਦੋਹਾਂ ਧਿਰਾਂ ਦੇ ਲੋਕ ਇਕੱਤਰ ਹੋ ਗਏ।ਕਿਸੇ ਕਿਸਮ ਦੇ ਝਗੜੇ ਦੇ ਡਰੋਂ ਪੁਲੀਸ ਮੁਲਾਜ਼ਮਾਂ ਵਲੋਂ ਦੋਹਾਂ ਧਿਰਾਂ ਲੋਕਾਂ ਨੂੰ ਸਮਝਾਕੇ ਘਰ ਭੇਜਣ ਦੀ ਗੱਲ ਕੀਤੀ ਗਈ ਤਾਂ ਸ਼ਿਕਾਇਤਕਰਤਾ ਧਿਰ ਦੇ ਕੁੱਝ ਲੋਕ ਰੋਹ ਵਿਚ ਆ ਗਏ ਤੇ ਕੁੱਝ ਵਿਅਕਤੀਆਂ ਨੇ ਪੁਲੀਸ ਪਾਰਟੀ ਊੱਤੇ ਹਮਲਾ ਕਰ ਦਿੱਤਾ। ਇੱਕ ਵਿਅਕਤੀ ਵਲੋਂ ਹੋਮਗਾਰਡ ਜਵਾਨ ਕੁਲਵਿੰਦਰ ਸਿੰਘ ਦੀ ਬਾਂਹ ’ਤੇ ਦਾਤਰ ਨਾਲ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ, ਜਦ ਕਿ ਇੱਕ ਹੋਰ ਨੌਜਵਾਨ ਵਲੋਂ ਪੁਲੀਸ ਪਾਰਟੀ ਊੱਤੇ ਗੋਲੀ ਵੀ ਚਲਾਈ ਗਈ ਜੋ ਕਿ ਕੰਧ ਵਿੱਚ ਜਾ ਲੱਗੀ। ਇਸ ਉਪਰੰਤ ਘਟਨਾ ਸਥਾਨ ’ਤੇ ਹੋਰ ਪੁਲੀਸ ਪੁੱਜੀ ਜਿਨ੍ਹਾਂ ਵਲੋਂ ਆਪਣੇ ਸਾਥੀ ਮੁਲਾਜ਼ਮ ਨੂੰ ਪੱਟੀ ਦੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ।
ਇਸ ਬਾਰੇ ਐੱਸਐੱਚਓ ਥਾਣਾ ਸਦਰ ਪੱਟੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਵਿਚ ਨਾਮਜ਼ਦ ਕੀਤੇ ਵਿਅਕਤੀਆਂ ਵਿਚੋਂ 3 ਦੋਸ਼ੀਆ ਨੂੰ ਕਾਬੂ ਕਰ ਲਿਆ ਜਦ ਕਿ ਬਾਕੀਆਂ ਦੀ ਭਾਲ ਜਾਰੀ ਹੈ।