ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਜਨਵਰੀ
ਇਥੇ ਕਿਸਾਨ ਸੰਘਰਸ਼ ਦੀ ਜਿੱਤ ਦੀ ਖੁਸ਼ੀ ’ਚ ਸਨਮਾਨ ਸਮਾਗਮ ਕਰਵਾਇਆ ਗਿਆ। ਪਿੰਡ ਮੱਲ੍ਹਾ ’ਚ ਕਰਵਾਏ ਸਮਾਗਮ ਦੌਰਾਨ ਬੀਕੇਯੂ ਏਕਤਾ (ਡਕੌਂਦਾ) ਦੇ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੋਂ ਬਾਅਦ ਮੁਲਤਵੀ ਕੀਤੇ ਅੰਦੋਲਨ ਮਗਰੋਂ 15 ਜਨਵਰੀ ਨੂੰ ਦਿੱਲੀ ਦੇ ਸਿੰਘੂ ਬਾਰਡਰ ’ਤੇ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ’ਚ ਮੋਦੀ ਹਕੂਮਤ ਵੱਲੋਂ ਮੋਰਚੇ ਨੂੰ ਦਿੱਤੇ ਗਏ ਲਿਖ਼ਿਤੀ ਭਰੋਸਿਆਂ ਅਤੇ ਅਮਲਦਾਰੀ ਦਾ ਲੇਖਾ ਜੋਖਾ ਕੀਤਾ ਜਾਵੇਗਾ। ਸਨਮਾਨ ਸਮਾਗਮ ਦੌਰਾਨ ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਸਿੱਧਵਾਂ, ਕੰਵਲਜੀਤ ਖੰਨਾ ਨੇ ਦੱਸਿਆ ਕਿ ਦਿੱਲੀ ਦੀਆਂ ਬਰੂਹਾਂ ਤੋਂ ਕਿਸਾਨ ਅੰਦੋਲਨ ਮੁਲਤਵੀ ਹੋਇਆ ਹੈ ਅਤੇ ਕਿਸਾਨੀ ਮੰਗਾਂ ’ਚ ਸਰਕਾਰ ਵੱਲੋਂ ਬਦਨੀਤੀ ਦਿਖਾਉਣ ’ਤੇ ਇਹ ਮੁੜ ਸ਼ੁਰੂ ਹੋ ਸਕਦਾ ਹੈ। ਸਨਮਾਨ ਸਮਾਗਮ ਤੋਂ ਪਹਿਲਾਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਕਿਸਾਨ ਆਗੂਆਂ ਨੇ 21 ਜਨਵਰੀ ਦੀ ਬਰਨਾਲਾ ਵਿੱਚ ਹੋ ਰਹੀ ‘ਜੂਝਾਰ ਰੈਲੀ’ ਵਿੱਚ ਜੋਰ ਸ਼ੋਰ ਨਾਲ ਪੰਹੁਚਣ ਦੀ ਅਪੀਲ ਕੀਤੀ ਹੈ।