ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 12 ਅਪਰੈਲ
ਇੱਥੋਂ ਨੇੜਲੇ ਲੁਧਿਆਣਾ ਜ਼ਿਲ੍ਹਾ ਅਧੀਨ ਪੈਂਦੇ ਪਿੰਡ ਗੁੱਜਰਵਾਲ ਅਤੇ ਆਲੇ ਦੁਆਲੇ ਦੇ ਦੋ ਦਰਜਨ ਪਿੰਡਾਂ ਦੇ ਵਾਸੀਆਂ ਨੂੰ ਰੋਸ ਹੈ ਕਿ ਕਰੀਬ ਇੱਕ ਸਦੀ ਪਹਿਲਾਂ ਜਿਸ ਸਿਵਲ ਹਸਪਤਾਲ ਦੇ ਨਿਰਮਾਣ ਨੂੰ ਪ੍ਰਵਾਨਗੀ ਮਿਲੀ ਸੀ ਉਹ ਸਮੇਂ ਦੀਆਂ ਸਰਕਾਰਾਂ ਤੋਂ ਸੰਭਾਲਿਆ ਨਹੀਂ ਗਿਆ। ਸੱਤਰਵਿਆਂ ਦੌਰਾਨ ਹਸਪਤਾਲ ਤੋਂ ਡਿਸਪੈਂਸਰੀ ਦਾ ਰੁਤਬਾ ਬਚਾਉਣ ਲਈ ਵੀ ਇਸ ਸਿਹਤ ਕੇਂਦਰ ਨੂੰ ਕਈ ਤਰ੍ਹਾਂ ਦੇ ਪਾਪੜ ਵੇਲਣੇ ਪਏ ਅਤੇ ਹੁਣ ਸਿਰਫ਼ ਇਕ ਡਾਕਟਰ ਖਸਤਾ ਹਾਲਤ ਇਮਾਰਤ ਵਿੱਚ ਬਿਨਾਂ ਕਿਸੇ ਸਾਧਨ ਦੇ ਕੰਮ ਚਲਾਉਣ ਦੀ ਕੋਸ਼ਿਸ ਕਰ ਰਿਹਾ ਹੈ। ਕਿਸੇ ਵੇਲੇ ਡਾਕਟਰਾਂ ਤੇ ਨਰਸਾਂ ਦੀ ਰਿਹਾਇਸ਼ ਲਈ ਵਰਤਿਆ ਜਾਂਦਾ ਰਿਹਾਇਸ਼ੀ ਵਿੰਗ ਅੱਜ ਆਪਣੀ ਹੋਂਦ ਗੁਆ ਚੁੱਕਿਆ ਹੈ। ਹੁਣ ਪਿੰਡ ਵਾਸੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਆਸ ਦੀ ਕਿਰਨ ਦਿਖੀ ਹੈ ਕਿ ਸਮਾਜ ਸੇਵਕਾਂ ਤੇ ਐੱਨਆਰਆਈ ਪਰਿਵਾਰਾਂ ਦੇ ਸਹਿਯੋਗ ਨਾਲ ਡਿਸਪੈਂਸਰੀ ਦੀ ਇਮਾਰਤ ਦੀ ਮੁਰੰਮਤ ਅਤੇ ਪੁਨਰ ਨਿਰਮਾਣ ਕੀਤਾ ਜਾਵੇਗਾ। ਇਮਾਰਤ ਦੀ ਮੁਰੰਮਤ ਲਈ ਪਿੰਡ ਦੇ ਐੱਨਆਰਆਈ ਕੁਲਦੀਪ ਸਿੰਘ ਗਰੇਵਾਲ ਨੇ ਪਹਿਲਾਂ ਹੀ ਦਸ ਲੱਖ ਰੁਪਏ ਦਿੱਤੇ ਹਨ। ਪਿੰਡ ਦੀ ‘ਆਪ’ ਇਕਾਈ ਦੇ ਪ੍ਰਧਾਨ ਰਣਜੀਤ ਸਿੰਘ ਗਰੇਵਾਲ ਅਤੇ ਮੀਤ ਪ੍ਰਧਾਨ ਬਲਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਹਲਕਾ ਇੰਚਾਰਜ ਕੇਐੱਨਐੱਸ ਕੰਗ ਦੀ ਅਗਵਾਈ ਵਿੱਚ ਸੀਨੀਅਰ ਆਗੂਆਂ ਨੇ ਦੱਸਿਆ ਕਿ ਡਿਸਪੈਂਸਰੀ ਦੀ ਇਮਾਰਤ ਦੀ ਸਫਾਈ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਨਰਨਿਰਮਾਣ ਦਾ ਰਸਮੀ ਉਦਘਾਟਨ ਸ਼ਨਿਚਰਵਾਰ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਰਨਗੇ।
ਦੋ ਦਰਜਨ ਦੀ ਥਾਂ ਹੁਣ ਚਾਰ ਪਿੰਡਾਂ ਨੂੰ ਿਮਲ ਰਹੀਆਂ ਨੇ ਸੇਵਾਵਾਂ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੁਲਾਜ਼ਮ ਗੁਰਿੰਦਰ ਕੌਰ ਪੰਧੇਰ ਨੇ ਦੱਸਿਆ ਕਿ ਸੱਤਰਵਿਆਂ ਦੇ ਦਰਮਿਆਨ ਤੱਕ ਇਸ ਹਸਪਤਾਲ ਵਿੱਚ ਔਰਤਾਂ ਅਤੇ ਬੱਚਿਆਂ ਦੇ ਮਾਹਿਰਾਂ ਤੋਂ ਇਲਾਵਾ ਕਿਸੇ ਅਣਹੋਣੀ ਦੇ ਕੇਸ ਵਿੱਚ ਕਾਰਵਾਈ ਕਰਨ ਲਈ ਮੈਡੀਕਲ ਵੀ ਹੁੰਦੇ ਸਨ । ਇਸ ਤੋਂ ਇਲਾਵਾ ਹਸਪਤਾਲ ਵਿੱਚ ਮੁਰਦਾਘਰ ਸੀ ਜਿੱਥੇ ਪੋਸਟਮਾਰਟਮ ਵੀ ਕੀਤਾ ਜਾਂਦਾ ਸੀ । ਕਰੀਬ ਦੋ ਦਰਜਨ ਪਿੰਡਾਂ ਨੂੰ ਸਿਹਤ ਸੇਵਾਵਾਂ ਦੇਣ ਵਾਲਾ ਹਸਪਤਾਲ ਹੁਣ ਆਪਣੇ ਪਿੰਡ ਦੇ ਲੋਕਾਂ ਤੋਂ ਇਲਾਵਾ ਚਾਰ ਕੁ ਹੋਰ ਪਿੰਡਾਂ ਦੇ ਰੁਟੀਨ ਵਾਲੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਮਸਾਂ ਸੰਭਾਲ ਰਿਹਾ ਹੈ ਕਿਉਂਕਿ ਹੁਣ ਇੱਥੇ ਸਿਰਫ਼ ਇੱਕ ਡਾਕਟਰ ਹੈ ਅਤੇ ਫਾਰਮੇਸੀ ਵਿੱਚੋਂ ਦਵਾਈਆਂ ਨਦਾਰਦ ਹਨ।