ਸੰਤੋਖ ਗਿੱਲ
ਗੁਰੂਸਰ ਸੁਧਾਰ, 16 ਜੂਨ
ਸਮੁੱਚੇ ਪੰਜਾਬ ਦੀ ਜ਼ਮੀਨ ਜਲ-ਥਲ ਹੋਈ ਪਈ ਹੈ ਅਤੇ ਕਿਸਾਨ ਝੋਨਾ ਲਾਉਣ ਵਿਚ ਰੁੱਝੇ ਹਨ। ਉਸੇ ਸਮੇਂ ਪਿੰਡ ਲੀਲ੍ਹਾਂ ਦੇ ਮੋਘੇ ਤੋਂ ਨਹਿਰੀ ਪਾਣੀ ਦੀ ਝਾਕ ਵਿਚ ਬੈਠੇ ਟੂਸੇ, ਰੱਤੋਵਾਲ ਅਤੇ ਹਲਵਾਰੇ ਦੇ ਦਰਜਨਾਂ ਕਿਸਾਨ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਸਿੰਜਾਈ ਵਿਭਾਗ ਦੇ ਦੋਰਾਹਾ ਉਪ ਮੰਡਲ ਅਫ਼ਸਰ ਸਰਬਜੀਤ ਸਿੰਘ ਮਾਂਗਟ ਨੇ ਇਨ੍ਹਾਂ ਕਿਸਾਨਾਂ ਦੀ ਸਮੱਸਿਆ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਉਹ ਜਲਦੀ ਬੋਰੀਆਂ ਨਾਲ ਰੋਕ ਲਗਾ ਕੇ ਇਨ੍ਹਾਂ ਕਿਸਾਨਾਂ ਦੇ ਖੇਤਾਂ ਤੱਕ ਆਰਜ਼ੀ ਤੌਰ ’ਤੇ ਪਾਣੀ ਪਹੁੰਚਾਉਣ ਦਾ ਯਤਨ ਕਰਨਗੇ। ਪਿੰਡ ਰੱਤੋਵਾਲ ਦੇ ਕਿਸਾਨ ਪਰਮਿੰਦਰ ਸਿੰਘ, ਗੁਰਮੇਲ ਸਿੰਘ, ਜਗਦੇਵ ਸਿੰਘ, ਜਗਜੀਤ ਸਿੰਘ ਅਤੇ ਕੁਲਵੰਤ ਕੌਰ ਨੇ ਦੱਸਿਆ ਕਿ ਅਸੀਂ ਹਲਕੇ ਦੇ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਸਮੇਤ ਹਰ ਸਰਕਾਰੀ ਅਫ਼ਸਰ ਦਾ ਦਰਵਾਜ਼ਾ ਖੜਕਾਇਆ ਪਰ ਸਾਡੇ ਪੱਲੇ ਨਿਰਾਸ਼ਾ ਹੀ ਪਈ ਹੈ। ਉਨ੍ਹਾਂ ਕਿਹਾ ਕਿ ਤਿੰਨ ਪਿੰਡਾਂ ਦੇ ਦਰਜਨਾਂ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਬੰਜਰ ਬਣੀ ਪਈ ਹੈ ਅਤੇ ਬਹੁਤੇ ਕਿਸਾਨ ਛੋਟੀਆਂ ਜੋਤਾਂ ਵਾਲੇ ਹੋਣ ਕਾਰਨ ਆਪਣੀਆਂ ਮੋਟਰਾਂ ਲਗਵਾਉਣ ਤੋਂ ਵੀ ਅਸਮਰਥ ਹਨ ਅਤੇ ਉਹ ਨਹਿਰੀ ਪਾਣੀ ਉੱਪਰ ਹੀ ਨਿਰਭਰ ਹਨ, ਉਨ੍ਹਾਂ ਕਿਹਾ ਕਿ ਅਸੀਂ ਤਾਂ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਵੀ ਆਪਣੀਆਂ ਫ਼ਸਲਾਂ ਨਹੀਂ ਪਾਲ ਸਕਦੇ। ਸਿੰਜਾਈ ਵਿਭਾਗ ਦੇ ਉਪ ਮੰਡਲ ਅਫ਼ਸਰ ਸਰਬਜੀਤ ਸਿੰਘ ਮਾਂਗਟ ਨੇ ਕਿਹਾ ਕਿ ਨਹਿਰ ਕੱਚੀ ਹੋਣ ਕਾਰਨ ਇਸ ਸਿੰਚਾਈ ਪ੍ਰਾਜੈਕਟ ਵਿਚ ਕਈ ਖ਼ਾਮੀਆਂ ਕਰ ਕੇ ਅਜਿਹੇ ਹਾਲਾਤ ਪੈਦਾ ਹੋ ਗਏ ਹਨ। ਉਨ੍ਹਾਂ ਕਿਹਾ ਕਿ ਬੱਲੋਵਾਲ ਤੋਂ ਲੈ ਕੇ ਬੁਰਜੀ ਨੰਬਰ 56 ਤੱਕ ਰਜਵਾਹਿਆਂ ਦੀ ਅੰਦਰਲੀ ਤਹਿ ਪੱਕੀ ਕਰਨ ਲਈ ਯੋਜਨਾ ਬਣਾ ਕੇ ਵਿਭਾਗ ਨੂੰ ਭੇਜੀ ਸੀ ਅਤੇ ਸਿੰਚਾਈ ਵਿਭਾਗ ਵੱਲੋਂ ਪ੍ਰਵਾਨਗੀ ਮਿਲਣ ਬਾਅਦ ਸਰਕਾਰ ਵੱਲੋਂ ਮਾਲੀ ਵਸੀਲੇ ਮੁਹੱਈਆ ਕਰਾਉਣ ਲਈ ਨਬਾਰਡ ਨੂੰ ਵੀ ਭੇਜਿਆ ਜਾ ਚੁੱਕਾ ਹੈ, ਫ਼ੰਡਾਂ ਦੀ ਪ੍ਰਵਾਨਗੀ ਮਿਲਣ ਉਪਰੰਤ ਇਸ ਦਾ ਪੱਕਾ ਹੱਲ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਘੇਰੇ ਵਿਚ ਨੂਰਪੁਰਾ, ਤਲਵੰਡੀ ਰਾਏ ਅਤੇ ਬੱਸੀਆਂ ਤੱਕ 15 ਕਰੋੜ ਰੁਪਏ ਤੋਂ ਵਧੇਰੇ ਖ਼ਰਚ ਆਉਣ ਦੀ ਸੰਭਾਵਨਾ ਹੈ। ਸਿੰਜਾਈ ਵਿਭਾਗ ਦੇ ਮੁੱਖ ਇੰਜਨੀਅਰ ਵੱਲੋਂ ਵੀ ਪ੍ਰਾਜੈਕਟ ਨੂੰ ਹਰੀ ਝੰਡੀ ਮਿਲ ਚੁੱਕੀ ਹੈ। ਫ਼ੰਡ ਜਾਰੀ ਹੋਣ ਬਾਅਦ ਪਹਿਲ ਦੇ ਆਧਾਰ ’ਤੇ ਕੰਮ ਸ਼ੁਰੂ ਹੋ ਜਾਣਗੇ।