ਸਮਰਾਲਾ: ਸਰਕਾਰੀ ਆਈ.ਟੀ.ਆਈ. ਦੀ ਰਿਹਾਇਸ਼ੀ ਕਲੋਨੀ ‘ਚ ਸਫ਼ਾਈ ਪ੍ਰਬੰਧਾਂ ਦੀ ਹਾਲਤ ਮਾੜੀ ਹੋਣ ਕਾਰਨ ਇਥੇ ਰਹਿਣ ਵਾਲੇ ਪਰਿਵਾਰ ਗੰਦਗੀ ਭਰੇ ਮਾਹੌਲ ਕਾਰਨ ਪ੍ਰੇਸ਼ਾਨ ਹਨ। ਗੰਦਗੀ ਫੈਲਣ ਨਾਲ ਡੇਂਗੂ ਅਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਕਲੋਨੀ ਨਿਵਾਸੀਆਂ ’ਤੇ ਮੰਡਰਾ ਰਿਹਾ ਹੈ। ਕਲੋਨੀ ਵਾਸੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਡਿਸਪੋਜ਼ਲ ਨਾ ਹੋਣ ਕਾਰਨ ਗੰਦਗੀ ਫੈਲ ਰਹੀ ਹੈ। ਇਸ ਦੇ ਨਾਲ ਹੀ ਸੀਵਰੇਜ ਸਿਸਟਮ ਵੀ ਠੱਪ ਪਿਆ ਹੋਣ ਕਾਰਨ ਪਖਾਨਿਆਂ ਆਦਿ ਵਿੱਚੋਂ ਬਦਬੂ ਆ ਰਹੀ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐੱਸ.ਡੀ.ਓ. ਦਰਸ਼ਨ ਸਿੰਘ ਨੇ ਦੱਸਿਆ ਕਿ ਨਵੇਂ ਡਿਸਪੋਜ਼ਲ ਸਿਸਟਮ ਦੀ ਉਸਾਰੀ ਲਈ ਪਿੱਛਲੇ ਦੋ ਸਾਲ ਤੋਂ ਲਗਾਤਾਰ ਪ੍ਰਸਤਾਵ ਭੇਜਿਆ ਜਾ ਰਿਹਾ ਹੈ ਪਰ ਹਾਲੇ ਤਕ ਫੰਡ ਜਾਰੀ ਨਹੀਂ ਹੋਏ। -ਪੱਤਰ ਪ੍ਰੇਰਕ