ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜੁਲਾਈ
ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਤੋਂ ਲੱਖਾਂ ਰੁਪਏ ਲੈ ਕੇ ਆਈਲੈਟਸ ਵਿੱਚ ਬੈਂਡ ਦਿਵਾਉਣ ਦਾ ਝਾਂਸਾ ਦੇਣ ਅਤੇ ਬਾਅਦ ਵਿੱਚ ਜੁਗਾੜ ਲਗਾ ਕੇ ਨਕਲ ਕਰਵਾਉਣ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਗੁਰਭੇਜ ਸਿੰਘ ਦਾ ਹਾਲੇ ਤੱਕ ਪੁਲੀਸ ਨੂੰ ਕੋਈ ਪਤਾ ਨਹੀਂ ਲੱਗਿਆ। ਚਾਰ ਦਿਨ ਬੀਤ ਜਾਣ ਦੇ ਬਾਵਜੂਦ ਉਹ ਪੁਲੀਸ ਗ੍ਰਿਫ਼ਤ ਵਿੱਚੋਂ ਬਾਹਰ ਹੈ।
ਪੁਲੀਸ ਦਾ ਦਾਅਵਾ ਹੈ ਕਿ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਣ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਉਸਤੋਂ ਪੁੱਛਗਿਛ ਦੇ ਆਧਾਰ ’ਤੇ ਹੀ ਪਤਾ ਚੱਲੇਗਾ ਕਿ ਉਹ ਪੇਪਰ ਕਿਵੇਂ ਲੀਕ ਕਰਵਾਉਂਦਾ ਸੀ ਤੇ ਕਿਸ ਜੁਗਾੜ ਨਾਲ ਉਸਦੇ ਕੋਲ ਪੇਪਰ ਆਉਂਦੇ ਸਨ। ਹਾਲਾਂਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕਮਿਸ਼ਨਰੇਟ ਪੁਲੀਸ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਸਥਿਤ ਮੁਲਜ਼ਮ ਦੇ ਆਈਲੈਟਸ ਸੈਂਟਰ ’ਤੇ ਛਾਪੇਮਾਰੀ ਵੀ ਕੀਤੀ। ਪਰ ਮੁਲਜ਼ਮ ਗੁਰਭੇਜ ਸਿੰਘ ਕਮਿਸ਼ਨਰੇਟ ਪੁਲੀਸ ਦੇ ਪੁੱਜਣ ਤੋਂ ਪਹਿਲਾਂ ਹੀ ਆਪਣੇ ਸੈਂਟਰ ਤੋਂ ਫ਼ਰਾਰ ਹੋ ਚੁੱਕਿਆ ਸੀ। ਇਸ ਲਈ ਲੁਧਿਆਣਾ ਪੁਲੀਸ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ। ਉਧਰ, ਥਾਣਾ ਸਾਹਨੇਵਾਲ ਪੁਲੀਸ ਨੇ ਦਿਲਬਾਗ ਸਿੰਘ, ਹਰਸੰਗੀਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਅਦਾਲਤ ’ਚ ਪੇਸ਼ ਇੱਕ ਦਿਨਾਂ ਰਿਮਾਂਡ ’ਤੇ ਭੇਜ ਦਿੱਤਾ, ਜਦੋਂ ਕਿ ਬਾਕੀ ਦੋਹਾਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਹੈ।