ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਮਈ
ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿੰਡਾਂ ’ਚ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਅੱਜ ਹਲਕਾ ਸਾਹਨੇਵਾਲ ਦੇ ਪਿੰਡ ਮੰਡ ਚੌਂਤਾ ਦੀ 60 ਏਕੜ ਤੋਂ ਵੱਧ ਸ਼ਾਮਲਾਤ ਜ਼ਮੀਨ ਤੋਂ ਕਬਜ਼ਾ ਛੁਡਵਾ ਵਿਭਾਗ ਨੇ ਆਪਣੇ ਕਬਜ਼ੇ ’ਚ ਲਿਆ। ਅੱਜ ਮੰਡ ਚੌਂਤਾ ਵਿਖੇ ਜ਼ਮੀਨ ਤੋਂ ਕਬਜ਼ਾ ਛੁਡਾਉਣ ਲਈ ਵਿਸ਼ੇਸ਼ ਤੌਰ ’ਤੇ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੌਕੇ ’ਤੇ ਪੁੱਜੇ ਅਤੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹ ਖੁਦ ਸੰਪਰਕ ਕਰਕੇ ਜ਼ਮੀਨਾਂ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਮੰਡ ਚੌਂਤਾ ਵਿੱਚ ਪਿਛਲੀ ਅਕਾਲੀ ਸਰਕਾਰ ਸਮੇਂ 2007 ਵਿੱਚ ਕਰੀਬ 18 ਪਰਿਵਾਰਾਂ ਨੇ 60 ਏਕੜ 4 ਕਨਾਲ 11 ਮਰਲੇ ਪੰਚਾਇਤੀ ਜਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਸੀ। ਉਨ੍ਹਾਂ ਤੋਂ ਇਹ ਜ਼ਮੀਨ ਛੁਡਵਾ ਹੁਣ ਸਰਕਾਰ ਦੀ ਆਮਦਨ ਨੂੰ ਵਧਾਉਣ ਲਈ ਠੇਕੇ ’ਤੇ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਰਬਾਂ ਰੁਪਏ ਦੀ ਜਾਇਦਾਦ ’ਤੇ ਨਾਜਾਇਜ਼ ਕਬਜ਼ੇ ਹੋਏ ਹਨ ਜਿਨ੍ਹਾਂ ਨੂੰ ਛੁਡਵਾ ਕੇ ਉਨ੍ਹਾਂ ਦੀ ਆਮਦਨ ਨਾਲ ਸੂਬੇ ਸਿਰ ਚੜ੍ਹਿਆ 3 ਲੱਖ ਕਰੋੜ ਦਾ ਜੋ ਕਰਜ਼ਾ ਹੈ ਉਹ ਉਤਾਰਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਹਰਦੀਪ ਸਿੰਘ ਮੂੰਡੀਆਂ, ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਡੀਡੀਪੀਓ ਜੀਵਨ ਸੰਗੋਵਾਲ, ਬੀਡੀਓ ਸੰਜੀਵ ਕੁਮਾਰ ਅਤੇ ਪੁਲੀਸ ਫੋਰਸ ਵੀ ਮੌਜੂਦ ਸੀ।
ਸਰਕਾਰ ਪਹਿਲਾਂ ਸਿਆਸੀ ਸਰਮਾਏਦਾਰਾਂ ਨੂੰ ਨੱਥ ਪਾਵੇ: ਕਿਸਾਨ ਆਗੂੁ
ਮੰਡ ਚੌਂਤਾ ਵਿੱਚ ਸਰਕਾਰ ਵੱਲੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੌਰਾਨ ਕਿਸਾਨ ਆਗੂ ਗਿਆਨ ਸਿੰਘ ਮੰਡ, ਸਤਪਾਲ ਜੋਸ਼ੀਲਾ, ਕਾਮਰੇਡ ਅਮਰਨਾਥ ਕੂੰਮਕਲਾਂ, ਸਾਬਕਾ ਸਰਪੰਚ ਗੁਰਦਿਆਲ ਸਿੰਘ, ਸਿਕੰਦਰ ਬਖ਼ਸ਼ ਨੇ ਕਿਹਾ ਕਿ ‘ਆਪ’ ਸਰਕਾਰ ਗਰੀਬ ਕਿਸਾਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਤੋਂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਿਤ ਸਰਮਾਏਦਾਰਾਂ, ਜਿਨ੍ਹਾਂ ਨੇ ਕਰੋੜਾਂ ਰੁਪਏ ਦੀਆਂ ਜ਼ਮੀਨਾਂ ’ਤੇ ਕਥਿਤ ਨਾਜਾਇਜ਼ ਕਬਜ਼ੇ ਕੀਤੇ ਹਨ, ਨੂੰ ਨੱਥ ਪਾਵੇ। ਉਨ੍ਹਾਂ ਕਿਹਾ ਕਿ ਹਲਕਾ ਸਾਹਨੇਵਾਲ ਦੇ ਬੇਟ ਖੇਤਰ ਜਿੱਥੇ ਕਿ ਸਤਲੁਜ ਦਰਿਆ ਵਗਦਾ ਸੀ ਅਤੇ ਇੱਥੇ ਕਿਸਾਨਾਂ ਨੇ ਸ਼ਾਮਲਾਤ ਬੇਅਬਾਦ ਜ਼ਮੀਨਾਂ ਨੂੰ ਸਖ਼ਤ ਮਿਹਨਤ ਨਾਲ ਉਪਜਾਊ ਬਣਾਇਆ ਹੈ ਅਤੇ ਸਰਕਾਰ ਅਜਿਹੇ ਗਰੀਬ ਕਿਸਾਨਾਂ ਨੂੰ ਵਾਜ਼ਬਿ ਮੁੱਲ ’ਤੇ ਜਮੀਨਾਂ ਦੇ ਮਾਲਕੀ ਹੱਕ ਦੇਵੇ ਜਿਸ ਨਾਲ ਸਰਕਾਰ ਦੀ ਆਮਦਨ ਵੀ ਵਧੇਗੀ ਅਤੇ ਪਰਿਵਾਰਾਂ ਨੂੰ ਰੁਜ਼ਗਾਰ ਵੀ ਮਿਲੇਗਾ। ਇਸ ਮੌਕੇ ਕਿਸਾਨ ਆਗੂਆਂ ਵਲੋਂ ਪੰਚਾਇਤ ਮੰਤਰੀ ਨੂੰ ਗਰੀਬ ਕਿਸਾਨਾਂ ਦੇ ਹੱਕ ਵਿਚ ਮੰਗ ਪੱਤਰ ਵੀ ਸੌਂਪਿਆ।