ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਫਰਵਰੀ
ਮਿਨੀ ਓਲੰਪਿਕ ਖੇਡਾਂ ਦੇ ਨਾਂ ’ਤੇ ਮਸ਼ਹੂਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਆਈ ਖੜ੍ਹੋਤ ਟੁੱਟਣ ਦਾ ਨਾਂ ਨਹੀਂ ਲੈ ਰਹੀ। ਇਸ ਵਾਰ ਵੀ ਇਨ੍ਹਾਂ ਖੇਡਾਂ ’ਤੇ ਕਰੋਨਾ ਮਹਾਂਮਾਰੀ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਦਾ ਅਸਰ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਦੂਜੇ ਪਾਸੇ, ਪ੍ਰਬੰਧਕਾਂ ਵੱਲੋਂ ਜਿੱਥੇ ਖੇਡਾਂ ਦੀਆਂ ਤਿਆਰੀਆਂ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉੱਥੇ ਤਰੀਕਾਂ ਦਾ ਐਲਾਨ ਚੋਣ ਨਤੀਜਿਆਂ ਤੋਂ ਬਾਅਦ ਹੀ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਪੂਰੇ ਵਿਸ਼ਵ ਵਿੱਚ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਪਿਛਲੇ ਕਈ ਸਾਲਾਂ ਤੋਂ ਆਪਣੀ ਪੁਰਾਣੀ ਪਛਾਣ ਬਣਾਉਣ ਵਿੱਚ ਅਸਮਰੱਥ ਰਹੀਆਂ ਹਨ।
ਪ੍ਰਬੰਧਕ ਸੁਰਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੋਵਿਡ ਕਰ ਕੇ ਜ਼ਿਆਦਾ ਇਕੱਠ ’ਤੇ ਪਾਬੰਦੀ ਲੱਗੀ ਹੋਈ ਹੈ। ਜੇ ਪ੍ਰਸ਼ਾਸਨ ਵੱਲੋਂ ਪ੍ਰਵਾਨਗੀ ਮਿਲ ਗਈ ਤਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮਾਰਚ ਮਹੀਨੇ ਦੇ ਅਖ਼ੀਰ ਤੱਕ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਪਾਬੰਦੀਸ਼ੁਦਾ ਖੇਡਾਂ ਨੂੰ ਛੱਡ ਕੇ ਹਾਕੀ, ਦੌੜਾਂ ਅਤੇ ਹੋਰ ਪੁਰਾਤਨ ਖੇਡਾਂ ਹੀ ਕਰਵਾਈਆਂ ਜਾਣਗੀਆਂ। ਉਨ੍ਹਾਂ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਸ੍ਰੀ ਗਰੇਵਾਲ ਨੇ ਕਿਹਾ ਕਿ ਜਦੋਂ ਹੀ ਮਾਹੌਲ ਸੁਖਾਲਾ ਹੋਵੇਗਾ, ਇਨ੍ਹਾਂ ਖੇਡਾਂ ਨੂੰ ਦੁਬਾਰਾ ਪਹਿਲਾਂ ਵਾਲੇ ਜੋਸ਼ ਨਾਲ ਸ਼ੁਰੂ ਕਰਵਾ ਦਿੱਤਾ ਜਾਵੇਗਾ।