ਜੋਗਿੰਦਰ ਸਿੰਘ ਓਬਰਾਏ
ਖੰਨਾ, 30 ਜੂਨ
ਖੰਨਾ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ। ਐੱਸਡੀਐੱਮ ਮਨਜੀਤ ਕੌਰ ਦੀ ਅਗਵਾਈ ਹੇਠਾਂ ਈਓ ਚਰਨਜੀਤ ਸਿੰਘ ਤੇ ਐੱਸਐੱਚਓ ਅਜਮੇਰ ਸਿੰਘ ਦੀ ਹਾਜ਼ਰੀ ਵਿੱਚ ਸ਼ਹਿਰ ਦੀ ਅਮਲੋਹ ਰੋਡ ਅਤੇ ਜੀਟੀ ਰੋਡ ’ਤੇ ਸਰਕਾਰੀ ਜ਼ਮੀਨਾਂ ’ਤੇ ਕਬਜ਼ਾ ਕਰ ਕੇ ਸ਼ਹਿਰ ਦੀ ਸੁੰਦਰਤਾ ਖਰਾਬ ਕਰਨ ਵਾਲੇ ਤੇ ਟਰੈਫ਼ਿਕ ਵਿੱਚ ਵਿਘਨ ਪਾਉਣ ਵਾਲੇ ਕਬਜ਼ਾਧਾਰੀਆਂ ਖਿਲਾਫ਼ ਟਰੈਫਿਕ ਪੁਲੀਸ ਤੇ ਨਗਰ ਕੌਂਸਲ ਦੀ ਟੀਮ ਵੱਲੋਂ ਮੁਹਿੰਮ ਵਿੱਢੀ ਗਈ ਹੈ। ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਜ਼ਿਆਦਾਤਰ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਗਿਆ ਜਦਕਿ ਕਈਆਂ ਨੂੰ ਚਿਤਾਵਨੀ ਦਿੱਤੀ ਗਈ। ਪ੍ਰਸ਼ਾਸਨ ਦੀਆਂ ਟੀਮਾਂ ਨੇ ਪਹਿਲਾਂ ਨਗਰ ਕੌਂਸਲ ਦੇ ਗੇਟ ਅੱਗੇ ਖੜ੍ਹੇ ਰੇਹੜੀ-ਫੜੀ ਵਾਲਿਆਂ ਅਤੇ ਅਮਲੋਹ ਰੋਡ ’ਤੇ ਸੜਕ ਕਿਨਾਰੇ ਚੜ੍ਹੇ ਟੈਂਪੂ ਚਾਲਕਾਂ ਨੂੰ ਹਟਾਇਆ। ਐੱਸਡੀਐੱਮ ਨੇ ਕਬਜ਼ਾਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਮੁੜ ਕਬਜ਼ਾ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਈਓ ਚਰਨਜੀਤ ਸਿੰਘ ਨੇ ਕਿਹਾ ਕਿ ਸੜਕ ’ਤੇ ਖੜ੍ਹੇ ਹਲਵਾਈਆਂ ਨੂੰ ਹਟਾ ਦਿੱਤਾ ਗਿਆ ਹੈ। ਕਬਜ਼ਾਧਾਰੀਆਂ ਨੇ ਦੋ ਦਿਨਾਂ ਅੰਦਰ ਕਬਜ਼ੇ ਨਾ ਹਟਾਏ ਤਾਂ ਮੁੜ ਕਾਰਵਾਈ ਕੀਤੀ ਜਾਵੇਗੀ।