ਜੋਗਿੰਦਰ ਸਿੰਘ ਓਬਰਾਏ
ਖੰਨਾ, 15 ਮਈ
ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਗਏ ਹਨ। ਨਾਮਜ਼ਦਗੀਆਂ ਭਰਨ ਉਪਰੰਤ ਵੱਖ-ਵੱਖ ਉਮੀਦਵਾਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਲੋਕ ਸਭਾ ਚੋਣ ਲਈ 6 ਸਿਆਸੀ ਜਮਾਤਾਂ ਦੇ ਉਮੀਦਵਾਰ ਆਪਣੀ ਕਿਸਮਤ ਅਜਮਾਉਣ ਲਈ ਮੈਦਾਨ ਵਿਚ ਨਿੱਤਰੇ ਹਨ। ਕਾਂਗਰਸ ਵੱਲੋਂ ਮੌਜੂਦਾ ਸੰਸਦ ਮੈਂਬਰ ਡਾ. ਅਮਰ ਸਿੰਘ, ਆਮ ਆਦਮੀ ਪਾਰਟੀ ਤੋਂ ਗੁਰਪ੍ਰੀਤ ਸਿੰਘ ਜੀਪੀ, ਸ਼੍ਰੋਮਣੀ ਅਕਾਲੀ ਦਲ ਤੋਂ ਬਿਕਰਮਜੀਤ ਸਿੰਘ ਖਾਲਸਾ, ਸ਼੍ਰੋਮਣੀ ਅਕਾਲੀ ਦਲ (ਅ) ਤੋਂ ਰਾਜ ਸਤਿੰਦਰ ਸਿੰਘ ਬਿੱਟੂ, ਬਸਪਾ ਤੋਂ ਕੁਲਵੰਤ ਸਿੰਘ ਮਹਿਤੋਂ ਅਤੇ ਭਾਜਪਾ ਤੋਂ ਗੇਜਾ ਰਾਮ ਚੋਣ ਲੜ ਰਹੇ ਹਨ। ਡਾ. ਅਮਰ ਸਿੰਘ ਪਾਇਲ ਹਲਕੇ ਦੇ ਪਿੰਡਾਂ ਵਿਚ ਚੋਣ ਜਲਸਿਆਂ ਦੌਰਾਨ ਕੀਤੇ ਗਏ ਕੰਮਾਂ ਬਾਰੇ ਦੱਸ ਕੇ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। ਵਿਰੋਧੀਆਂ ਵੱਲੋਂ ਲੋਕਾਂ ਵਿਚ ਨਾ ਆਉਣ ਦੇ ਦੋਸ਼ਾਂ ’ਤੇ ਉਨ੍ਹਾਂ ਕਿਹਾ ਕਿ ਉਹ ਸੰਸਦ ’ਚ ਪੰਜਾਬ ਦੀਆਂ ਲੜਾਈਆਂ ਲੜਦੇ ਰਹੇ, ਉਨ੍ਹਾਂ ਨੇ ਸੰਸਦ ਵਿਚ ਅਨੇਕਾਂ ਮੁੱਦੇ ਚੁੱਕੇ, ਜਦੋਂਕਿ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈ। ਡਾ. ਅਮਰ ਸਿੰਘ ਕਿਹਾ ਕਿ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਮਹਿਜ਼ ਲਾਰਿਆਂ ਵਾਲੀ ਸਰਕਾਰ ਬਣ ਕੇ ਰਹਿ ਗਈ ਹੈ। ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਯਾਦਵਿੰਦਰ ਸਿੰਘ ਜੰਡਾਲੀ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਭਾਜਪਾ ਉਮੀਦਵਾਰ ਗੇਜਾ ਰਾਮ ਨੂੰ ਟਿਕਟ ਦੇਰ ਨਾਲ ਮਿਲੀ, ਜਿਸ ਕਾਰਨ ਉਹ ਆਪਣੀ ਮੁਹਿੰਮ ਪੂਰੀ ਤਰ੍ਹਾਂ ਸ਼ੁਰੂ ਨਹੀਂ ਕਰ ਸਕੇ। ਉਨ੍ਹਾਂ ਅੱਜ ਖੰਨਾ ਵਿੱਚ ਚੋਣ ਦਫ਼ਤਰ ਦਾ ਉਦਾਘਟਨ ਕੀਤਾ, ਜਿੱਥੇ ਪਾਰਟੀ ਦੇ ਆਗੂ ਤਰੁਨ ਚੁੱਘ ਅਤੇ ਹੋਰ ਆਗੂ ਸ਼ਾਮਲ ਹੋਏ।
ਕੇਂਦਰ ਨੇ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ: ਜੀਪੀ
‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਏਸ਼ੀਆ ਦੀ ਵੱਡੀ ਮੰਡੀ ਖੰਨਾ ਵਿੱਚ ਪੁੱਜ ਕੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨਾਲ ਚੋਣ ਪ੍ਰਚਾਰ ਆਰੰਭਦਿਆਂ ਕਿਹਾ ਕਿ ਕੇਂਦਰ ਸਰਕਾਰਾਂ ਨੇ ਹਮੇਸ਼ਾ ਪੰਜਾਬ ਤੇ ਖਾਸ ਕਰ ਕੇ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ, ਜਿਸ ਕਾਰਨ ਅੱਜ ਕਿਸਾਨ ਆਪਣੀਆਂ ਬੀਜੀਆਂ ਫਸਲਾਂ ਦਾ ਵਾਜਬ ਮੁੱਲ ਲੈਣ ਲਈ ਸੰਘਰਸ਼ ਕਰ ਰਹੇ ਹਨ। ਵਿਧਾਇਕ ਸੌਂਦ ਨੇ ਕਿਹਾ ਕਿ ‘ਆਪ’ ਸਰਕਾਰ ਦੇ ਗਠਨ ਉਪਰੰਤ ਕੁੱਲ 5 ਸੀਜ਼ਨ ਮੰਡੀਆਂ ਵਿਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ।
ਲੋਕਾਂ ਨੇ ‘ਆਪ’ ਤੇ ਕਾਂਗਰਸ ਤੋਂ ਪਾਸਾ ਵੱਟਿਆ: ਖਾਲਸਾ
ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਨੇ ਸ਼ਹਿਰ ਦੇ ਵਾਰਡ ਨੰਬਰ-13 ਅਤੇ 26 ਵਿੱਚ ਚੋਣ ਜਲਸੇ ਕਰਦਿਆਂ ਕਿਹਾ ਕਿ ਸ਼ਹਿਰ ਦਾ ਵੱਡਾ ਇਕੱਠ ਦੇਖ ਕੇ ਪਤਾ ਲੱਗਦਾ ਹੈ ਕਿ ਲੋਕ ‘ਆਪ’ ਤੇ ਕਾਂਗਰਸ ਦੇ ਗੁਮਰਾਹਕੁੰਨ ਪ੍ਰਚਾਰ ਤੋਂ ਪਾਸਾ ਵੱਟ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਮੋਢਾ ਲਾ ਕੇ ਖੜ੍ਹਨ ਲਈ ਤਿਆਰ ਹਨ। ਇਸ ਮੌਕੇ ਹਲਕਾ ਇੰਚਾਰਜ਼ ਯਾਦਵਿੰਦਰ ਸਿੰਘ ਯਾਦੂ, ਰਜਿੰਦਰ ਸਿੰਘ ਜੀਤ, ਜੱਥੇ.ਸੁਖਵਿੰਦਰ ਸਿੰਘ ਮਾਂਗਟ, ਬਲਵੰਤ ਸਿੰਘ ਲੋਹਟ ਆਦਿ ਹਾਜ਼ਰ ਸਨ।