ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 2 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਰੋਡ ਸੰਘਰਸ਼ ਯੂਨੀਅਨ ਵੱਲੋਂ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿੱਚ ਪੱਕਾ ਮੋਰਚਾ 99 ਦਿਨਾਂ ਤੋਂ ਜਾਰੀ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਬਿੱਕਰਜੀਤ ਸਿੰਘ ਕਾਲਖ, ਕੁਲਦੀਪ ਸਿੰਘ ਗੁੱਜਰਵਾਲ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀਆਂ ਆਪਣੀਆਂ ਜ਼ਮੀਨਾਂ ਵਿੱਚੋਂ ਕੱਟੇ ਗਏ ਹਿੱਸੇ ਦੀਆਂ ਸਾਂਝੀਆਂ ਜ਼ਮੀਨਾਂ ਬਾਰੇ ਕਾਨੂੰਨ ਪਾਸ ਕਰ ਕੇ ਹੁਣ ਉਨ੍ਹਾਂ ਨੂੰ ਪੰਚਾਇਤੀ ਜ਼ਮੀਨਾਂ ਬਣਾਉਣ ਲਈ ਰਾਹ ਪੱਧਰਾ ਕਰਨ ਲੱਗੀ ਹੈ।
ਕਿਸਾਨ ਆਗੂ ਪਰਮਜੀਤ ਸਿੰਘ ਕੋਟ ਆਗਾ, ਸੁਦਾਗਰ ਸਿੰਘ ਜੁੜਾਹਾਂ, ਹਰਪ੍ਰੀਤ ਕੌਰ ਗੁੱਜਰਵਾਲ, ਸੁਰਿੰਦਰ ਕੌਰ ਕਾਲਖ ਅਤੇ ਅਮਰਜੀਤ ਕੌਰ ਗੁੱਜਰਵਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਆਸਾਨ ਨਹੀਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਸਰਕਾਰ ਅਸਿੱਧੇ ਢੰਗ ਨਾਲ ਪੰਚਾਇਤੀ ਜ਼ਮੀਨਾਂ ਆਖ ਕੇ ਕਬਜ਼ੇ ਕਰਾਉਣ ਵੱਲ ਵੱਧ ਰਹੀ ਹੈ। ਉਨ੍ਹਾਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਅਤੇ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਲਾਗੂ ਹੋਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। ਅੱਜ ਲੰਗਰ ਦੀ ਸੇਵਾ ਪਿੰਡ ਮਾਂਗਟ ਦੀ ਸੰਗਤ ਵੱਲੋਂ ਕੀਤੀ ਗਈ।