ਗਗਨਦੀਪ ਅਰੋੜਾ
ਲੁਧਿਆਣਾ, 11 ਅਪਰੈਲ
ਅਪਰੈਲ ਮਹੀਨੇ ਵਿੱਚ ਹੀ ਅਸਮਾਨ ਤੋਂ ਵਰ੍ਹਦੀ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਵਿੱਚ ਲੂ ਚੱਲ ਰਹੀ ਹੈ। ਦਿਨ ਵੇਲੇ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਸਾਰੇ ਰਿਕਾਰਡ ਤੋੜਦੇ ਹੋਏ ਪਾਰਾ 42 ਡਿਗਰੀ ਨੇੜੇ ਪੁੱਜਿਆ ਹੋਇਆ ਹੈ, ਜਦਕਿ ਘੱਟੋਂ ਘੱਟ ਤਾਪਮਾਨ ਵੀ 21 ਡਿਗਰੀ ਰਹਿ ਰਿਹਾ ਹੈ। ਇਸ ਕਰਕੇ ਦਿਨ ਦੇ ਨਾਲ-ਨਾਲ ਰਾਤ ਨੂੰ ਲੋਕਾਂ ਨੂੰ ਗਰਮੀ ਸਹਿਣੀ ਪੈ ਰਹੀ ਹੈ। ਗਰਮੀ ਕਾਰਨ ਦਿਨ ਵੇਲੇ ਲੁੱਕ ਵਾਲੀਆਂ ਸੜਕਾਂ ’ਤੇ ਅੱਗ ਨਿਕਲ ਰਹੀ ਹੈ। ਲੁਧਿਆਣਾ ਵਿੱਚ ਅੱਜ ਹਵਾ ਚੱਲ ਰਹੀ ਸੀ, ਤਾਪਮਾਨ ਜ਼ਿਆਦਾ ਹੋਣ ਕਾਰਨ ਇਹ ਹਵਾ ਵੀ ਕਾਫ਼ੀ ਗਰਮ ਸੀ। ਇਸ ਨੇ ਪੂਰਾ ਦਿਨ ਲੋਕਾਂ ਨੂੰ ਪ੍ਰੇਸ਼ਾਨ ਕਰੀ ਰੱਖਿਆ। ਮੌਸਮ ਵਿਭਾਗ ਦੇ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਕੁੱਝ ਦਿਨਾਂ ਵਿੱਚ ਪਾਰਾ ਇਸੇ ਤਰ੍ਹਾਂ 40 ਡਿਗਰੀ ਤੋਂ ਪਾਰ ਹੀ ਰਹਿਣ ਦੇ ਆਸਾਰ ਹਨ।
ਦੱਸ ਦਈਏ ਕਿ ਲੁਧਿਆਣਾ ਵਿੱਚ ਹਮੇਸ਼ਾ ਅਪਰੈਲ ਮਹੀਨੇ ਦੇ ਅੰਤ ਵਿੱਚ ਪਾਰਾ 40 ਡਿਗਰੀ ਦੇ ਪਾਰ ਪੁੱਜਦਾ ਹੈ, ਉਸ ਤੋਂ ਪਹਿਲਾਂ ਪਾਰਾ 40 ਡਿਗਰੀ ਤੋਂ ਹਮੇਸ਼ਾ ਘੱਟ ਹੀ ਰਹਿੰਦਾ ਹੈ। ਇਸ ਵਾਰ ਕਈ ਸਾਲਾਂ ਦਾ ਰਿਕਾਰਡ ਤੋੜਦੇ ਹੋਏ ਪਾਰਾ 42 ਡਿਗਰੀ ਤੱਕ ਅਪਰੈਲ ਦੇ ਪਹਿਲੇ ਮਹੀਨੇ ਵਿੱਚ ਹੀ ਪੁੱਜ ਗਿਆ ਹੈ।
ਅੱਗੇ ਵੀ ਦਿਨ ਵੇਲੇ ਚੱਲਦੀਆਂ ਰਹਿਣਗੀਆਂ ਗਰਮ ਹਵਾਵਾਂ
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਵੀ ਇਲਾਕਿਆਂ ’ਚ ਦਿਨ ਸਮੇਂ ਗਰਮ ਹਵਾਵਾਂ ਚੱਲਣਗੀਆਂ। ਲੂ ਦੇ ਥਪੇੜੇ ਲੋਕਾਂ ਨੂੰ ਝੁਲਸਣ ’ਚ ਕੋਈ ਕਸਰ ਨਹੀਂ ਛੱਡਣਗੇ। ਅਜਿਹੇ ’ਚ ਲੋਕਾਂ ਨੂੰ ਬਚ ਕੇ ਰਹਿਣਾ ਚਾਹੀਦਾ ਹੈ। 13 ਅਪਰੈਲ ਤੋਂ ਹਿਮਾਚਲ ਦੇ ਉਪਰੀ ਇਲਾਕਿਆਂ ’ਚ ਪੱਛਮੀ ਗੜਬੜੀ ਸਰਗਰਮ ਹੋਵੇਗੀ ਜਿਸ ਨਾਲ ਹਿਮਾਚਲ ’ਚ ਬੱਦਲ ਛਾਏ ਰਹਿਣਗੇ ਅਤੇ ਮੀਂਹ ਦੀ ਸੰਭਾਵਨਾ ਬਣੇਗੀ। ਇਸ ਦਾ ਅਸਰ ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ’ਤੇ ਪਵੇਗਾ। ਹਿਮਾਚਲ ਦੇ ਮੀਂਹ ਨਾਲ ਪੰਜਾਬ ਦੇ ਕਈ ਇਲਾਕਿਆਂ ’ਚ 1-2 ਦਿਨ ਗਰਮੀ ਤੋਂ ਰਾਹਤ ਰਹੇਗੀ।
ਗਰਮੀ ਕਾਰਨ ਬਾਜ਼ਾਰਾਂ ਵਿੱਚ ਰੌਣਕਾਂ ਘਟੀਆਂ
ਲੁਧਿਆਣਾ: ਸ਼ਹਿਰ ਵਿੱਚ ਦਿਨੋਂ ਦਿਨ ਵਧ ਰਹੀ ਗਰਮੀ ਕਾਰਨ ਬਾਜ਼ਾਰਾਂਵਿੱਚ ਰੌਣਕਾਂ ਵੀ ਕਾਫ਼ੀ ਘੱਟ ਗਈਆਂ ਹਨ। ਦੁਪਹਿਰ ਦੇ ਸਮੇਂ ਬਾਜ਼ਾਰ ਵਿੱਚੋਂ ਸੁੰਨਸਾਰ ਪਸਰ ਜਾਂਦੀ ਹੈ। ਸ਼ਾਮ ਵੇਲੇ ਜਾਂ ਰਾਤ ਨੂੰ ਫਿਰ ਲੋਕ ਘਰੋਂ ਬਾਹਰ ਨਿਕਲਦੇ ਹਨ। ਸੜਕਾਂ ’ਤੇ ਲੋਕ ਗਰਮੀ ਤੋਂ ਬਚਣ ਲਈ ਛਤਰੀਆਂ ਦਾ ਸਹਾਰਾ ਲੈ ਰਹੇ ਹਨ। ਇਸ ਕਾਰਨ ਪਾਣੀ ਦੀ ਮੰਗ ਵਧ ਗਈ ਹੈ।