ਗਗਨਦੀਪ ਅਰੋੜਾ
ਲੁਧਿਆਣਾ, 6 ਜੂਨ
ਲੁਧਿਆਣਾ ਅਤੇ ਨੇੜਲੇ ਖੇਤਰਾਂ ਵਿੱਚ ਦੇਰ ਰਾਤ ਆਏ ਝੱਖੜ ਕਾਰਨ ਦਰੱਖ਼ਤ ਅਤੇ ਬਿਜਲੀ ਦੇ ਕਈ ਖੰਭੇ ਟੁੱਟ ਗਏ। ਇਸ ਦੌਰਾਨ ਜਿੱਥੇ ਸਾਰੀ ਰਾਤ ਬਿਜਲੀ ਗੁੱਲ ਰਹੀ ਉਥੇ ਹੀ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਝੱਖੜ ਕਾਰਨ ਇੱਕ ਔਰਤ ਸਣੇ ਤਿੰਨ ਜਣਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਬਸਤੀ ਜੋਧੇਵਾਲ, ਪੱਖੋਵਾਲ ਰੋਡ, ਸਮਰਾਲਾ ਚੌਕ, ਟਿੱਬਾ ਰੋਡ, ਤਾਜਪੁਰ ਰੋਡ, ਹੈਬੋਵਾਲ, ਸ਼ੇਰਪੁਰ ਚੌਕ, ਸ਼ਿਵਪੁਰੀ, ਲਾਡੋਵਾਲ, ਜੱਸੀਆਂ ਰੋਡ ਸਣੇ ਕਈ ਇਲਾਕੇ ਅਜਿਹੇ ਹਨ, ਜਿੱਥੇ ਬਿਜਲੀ ਤੇ ਪਾਣੀ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ।
ਇਸ ਤੋਂ ਇਲਾਵਾ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ 20 ਘੰਟੇ ਤੱਕ ਠੱਪ ਰਹੀ। ਇਸ ਦੇ ਨਾਲ ਕਈ ਥਾਵਾਂ ’ਤੇ ਕਾਰਾਂ ਉਪਰ ਦਰੱਖ਼ਤ ਡਿੱਗਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਬਿਜਲੀ ਬੰਦ ਹੋਣ ਕਾਰਨ ਟਿਊਬਵੈੱਲ ਨਹੀਂ ਚੱਲੇ ਤੇ ਸਵੇਰੇ ਪਾਣੀ ਨਹੀਂ ਆਇਆ। ਕਾਕੋਵਾਲ ਰੋਡ ’ਤੇ ਇੱਕ ਮਕਾਨ ਤੋਂ ਇੱਟ ਡਿੱਗਣ ਨਾਲ ਸਿਮਰਨ ਨਾਮ ਦੀ ਔਰਤ ਜ਼ਖਮੀ ਹੋ ਗਈ, ਜਿਸ ਦੇ ਸਿਰ ’ਚ ਕਾਫ਼ੀ ਸੱਟ ਲੱਗੀ। ਉਸ ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ’ਚ ਸੁਧਾਰ ਹੋਣ ’ਤੇ ਘਰ ਭੇਜ ਦਿੱਤਾ ਗਿਆ। ਇਸੇ ਤਰ੍ਹਾਂ ਜਸਪਾਲ ਬਾਂਗਰ ਵਾਸੀ ਵਿਸ਼ਾਲ ਫੈਕਟਰੀ ’ਚੋਂ ਪਰਤ ਰਿਹਾ ਸੀ ਕਿ ਕਰੰਟ ਲੱਗਣ ਕਾਰਨ ਉਹ ਝੁਲਸ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ।
ਜਸਪਾਲ ਬਾਂਗਰ ਦੇ ਹੀ ਰਹਿਣ ਵਾਲਾ ਮਨੋਰੰਜਨ ਕੁਮਾਰ ਸਬਜ਼ੀ ਲੈਣ ਲਈ ਜਾ ਰਿਹਾ ਸੀ। ਰਸਤੇ ’ਚ ਉਸ ਦੇ ਸਿਰ ’ਤੇ ਇੱਕ ਖੰਭਾ ਡਿੱਗਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਮਾਛੀਵਾੜਾ ਵਿੱਚ ਸਾਰਾ ਦਿਨ ਬਿਜਲੀ ਸਪਲਾਈ ਠੱਪ ਰਹੀ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਖੇਤਰ ਵਿੱਚ ਕੱਲ੍ਹ ਦੇਰ ਸ਼ਾਮ ਝੱਖੜ ਕਾਰਨ ਦਰੱਖ਼ਤ ਅਤੇ ਬਿਜਲੀ ਦੇ ਕਈ ਖੰਭੇ ਡਿੱਗਣ ਕਰਕੇ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਅਤੇ ਬਿਜਲੀ ਸਪਲਾਈ ਤਰ੍ਹਾਂ ਪ੍ਰਭਾਵਿਤ ਰਹੀ। ਜਾਣਕਾਰੀ ਅਨੁਸਾਰ ਹਨੇਰੀ ਨੇ ਮਾਛੀਵਾੜਾ ਸ਼ਹਿਰ ਵਿਚ ਕਈ ਬਿਜਲੀ ਦੇ ਖੰਭੇ ਅਤੇ ਦਰੱਖਤ ਪੁੱਟ ਦਿੱਤੇ, ਜਿਸ ਕਾਰਨ ਸਾਰੀ ਰਾਤ ਆਵਾਜਾਈ ਪ੍ਰਭਾਵਿਤ ਹੋਈ। ਸਥਾਨਕ ਦਸਹਿਰਾ ਮੈਦਾਨ ਨੇੜੇ ਇੱਕ ਗਰੀਬ ਸਬਜ਼ੀ ਵੇਚਣ ਵਾਲੇ ਦੇ ਟੈਂਪੂ ’ਤੇ ਤੇਜ਼ ਤੂਫ਼ਾਨ ਕਾਰਨ ਬਿਜਲੀ ਦਾ ਖੰਭਾ ਆ ਡਿੱਗਿਆ ਜਿਸ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਹਾਦਸੇ ’ਚ ਉਸ ਦਾ ਟੈਂਪੂ ਤੇ ਨਾਲ ਹੀ ਖੜ੍ਹੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਤੋਂ ਇਲਾਵਾ ਮਾਛੀਵਾੜਾ ਪੁਲੀਸ ਦੀ ਗਸ਼ਤ ਕਰਨ ਵਾਲੀ ਗੱਡੀ ’ਤੇ ਦਰੱਖਤ ਦੀਆਂ ਕੁਝ ਟਾਹਣੀਆਂ ਆ ਡਿੱਗੀਆਂ। ਹਨੇਰੀ ਨੇ ਸ਼ਹਿਰ ਵਿਚ ਕਈ ਬਿਜਲੀ ਖੰਭੇ ਤੇ ਟਰਾਂਸਫਾਰਮ ਸੁੱਟ ਦਿੱਤੇ ਜਿਸ ਕਾਰਨ ਮਾਛੀਵਾੜਾ ਇਲਾਕੇ ਵਿਚ ਕਈ ਥਾਵਾਂ ’ਤੇ 16 ਘੰਟਿਆਂ ਤੋਂ ‘ਬਲੈਕ ਆਊਟ’ ਵਾਲੀ ਸਥਿਤੀ ਬਣੀ ਹੋਈ ਹੈ ਅਤੇ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੈ। ਬੇਸ਼ੱਕ ਬਿਜਲੀ ਵਿਭਾਗ ਦੇ ਕਰਮਚਾਰੀ ਸਪਲਾਈ ਠੀਕ ਕਰਨ ਵਿਚ ਲੱਗੇ ਹਨ।