ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਅਕਤੂਬਰ
ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਗਲੀ ਨੰਬਰ 13 ਦਸਮੇਸ਼ ਨਗਰ ਗਿੱਲ ਰੋਡ ਵਿੱਚ ਇਕ ਘਰ ਵਿੱਚੋਂ ਨਵਜੰਮੇ ਬੱਚੇ ਦੀ ਵਧਾਈ ਲੈਣ ਦੇ ਮਾਮਲੇ ’ਤੇ ਮਹੰਤਾਂ ਦੇ ਦੋ ਗੁੱਟਾਂ ਵਿੱਚ ਝਗੜਾ ਹੋ ਗਿਆ ਹੈ। ਇਸ ਸਬੰਧੀ ਮਹੰਤ ਸ਼ੀਤਲ ਚੇਲਾ ਹਿਨਾ ਮਹੰਤ ਖ਼ਵਾਜਾ ਕੋਠੀ ਨੇ ਦੱਸਿਆ ਹੈ ਕਿ ਉਹ ਸ਼ਾਲੂ ਮਹੰਤ ਸਮੇਤ ਆਪਣੇ ਸਾਥੀਆਂ ਨਾਲ ਗਲੀ ਨੰਬਰ 13 ਦਸਮੇਸ਼ ਨਗਰ ਗਿੱਲ ਰੋਡ ’ਤੇ ਇੱਕ ਘਰ ਵਿੱਚ ਨਵੇਂ ਜੰਮੇ ਬੱਚੇ ਦੀ ਵਧਾਈ ਲੈਣ ਲਈ ਗਏ ਸਨ। ਉਨ੍ਹਾਂ ਦੱਸਿਆ ਕਿ ਇਹ ਇਲਾਕਾ ਮੁਮਤਾਜ ਮਹੰਤ ਦੇ ਹਿੱਸੇ ਵਿੱਚ ਪੈਂਦਾ ਹੈ। ਜਦੋਂ ਉਹ ਉਥੇ ਪੁੱਜੇ ਤਾਂ ਰਵੀਨਾ ਮਹੰਤ ਚੇਲਾ ਰੇਸ਼ਮਾ ਮਹੰਤ ਨੇ ਸਾਥੀਆਂ ਸਮੇਤ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਵਧਾਈ ਲੈਣ ਲਈ ਇਲਾਕਿਆਂ ਦੀ ਵੰਡ ਦੇ ਮਸਲੇ ਤੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਰਵੀਨਾ ਮਹੰਤ ਨੇ ਉਨ੍ਹਾਂ ਉਪਰ ਦਬਾਅ ਪਾਉਣ ਲਈ ਸਾਥੀਆਂ ਸਮੇਤ ਇਹ ਕਾਰਵਾਈ ਕੀਤੀ ਹੈ। ਜਾਂਚ ਅਧਿਕਾਰੀ ਮੇਜਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਤਫਤੀਸ਼ ਉਪਰੰਤ ਰਵੀਨਾ ਮਹੰਤ ਤੋਂ ਇਲਾਵਾ ਪੂਜਾ, ਚਾਂਦਨੀ, ਦਿਵਾਇਆ ਚੇਲਾ ਰਵੀਨਾ ਮਹੰਤ ਵਾਸੀ ਅਮਨ ਨਗਰ ਜਲੰਧਰ ਬਾਈਪਾਸ, ਹਿਫ਼ਾਜ਼ਤ ਵਾਸੀ ਪਿੰਡ ਬੀਰਮੀ, ਸ਼ਿਵ ਕੁਮਾਰ ਵਾਸੀ ਬੈਂਕ ਕਾਲੋਨੀ ਸ਼ਿਵਪੁਰੀ ਤੋਂ ਇਲਾਵਾ 2-3 ਹੋਰ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।