ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਨਵੰਬਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਅਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਅੱਜ ਪਿੰਡ ਚੌਕੀਮਾਨ ਤੋਂ ਪੱਬੀਆਂ ਤੱਕ ਬਣੀ ਸੜਕ ਦਾ ਉਦਘਾਟਨ ਕੀਤਾ। ਢਾਈ ਕਿਲੋਮੀਟਰ ਲੰਬੀ ਇਹ ਸੜਕ 22 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਹਾਲੀਆ ਫ਼ੈਸਲਿਆਂ ਤੋਂ ਲੋਕ ਬਾਗੋ-ਬਾਗ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਪਹਿਲਾਂ ਹਰੇਕ ਵਰਗ ਤੇ ਹਰ ਖਪਤਕਾਰ ਨੂੰ ਤਿੰਨ ਰੁਪਏ ਸਸਤੀ ਬਿਜਲੀ ਦੇਣ ਦਾ ਫੈਸਲਾ ਲਿਆ ਗਿਆ। ਉਸ ਤੋਂ ਬਾਅਦ ਤੇਲ ਕੀਮਤਾਂ ’ਤੇ ਵੈਟ ਘਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਦਾ ਕਿਸਾਨਾਂ ਨੂੰ ਮੁਆਵਜ਼ਾ, ਦਲਿਤਾਂ ਨੂੰ ਪਲਾਟ ਸਮੇਤ ਸਰਕਾਰ ਵੱਲੋਂ ਚੁੱਕੇ ਹੋਰ ਕਦਮ ਦਰਸਾਉਂਦੇ ਹਨ ਕਿ ਕਾਂਗਰਸ ਸਰਕਾਰ ਪੰਜਾਬੀਆਂ ਦੀ ਸੇਵਾ ਲਈ ਤੱਤਪਰ ਹੈ। ਇਸ ਮੌਕੇ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਹਾਂਸ, ਸਰਪੰਚ ਹਰਮਿੰਦਰ ਸਿੰਘ ਚੌਕੀਮਾਨ, ਸਰਪੰਚ ਉਜਾਗਰ ਸਿੰਘ ਪੱਬੀਆਂ ਹਾਜ਼ਰ ਸਨ।