ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਮਈ
‘ਆਪ’ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਅੱਜ ਬੁੱਢੇ ਨਾਲੇ ਤੇ ‘ਰਾਈਜ਼ਿੰਗ ਮੇਨ ਲਾਈਨ’ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਾ ਉਦਘਾਟਨ ਕੀਤਾ। ਇਹ 3.5 ਕਰੋੜ ਰੁਪਏ ਦਾ ਪ੍ਰਾਜੈਕਟ 650 ਕਰੋੜ ਰੁਪਏ ਦੇ ਬੁੱਢੇ ਨਾਲੇ ਦੇ ਪੁਨਰ-ਨਿਰਮਾਣ ਪ੍ਰਾਜੈਕਟ ਦਾ ਹਿੱਸਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਵੀ ਮੌਜੂਦ ਸਨ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਦੱਸਿਆ ਕਿ ਇਹ ਪ੍ਰਾਜੈਕਟ 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢੇ ਨਾਲੇ ਦੇ ਕਾਇਆ ਕਲਪ ਪ੍ਰਾਜੈਕਟ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਪਾਈਪ ਲਾਈਨ ਸਬਜ਼ੀ ਮੰਡੀ ਪੁਲੀ ਤੋਂ ਭਗਵਾਨ ਮਹਾਂਵੀਰ ਕਾਲਜ ਇੰਟਰਮੀਡੀਏਟ ਪੰਪਿੰਗ ਸਟੇਸ਼ਨ (ਆਈਪੀਐੱਸ) ਨੇੜੇ ਵਿਛਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਟੀਚਾ ਉਨ੍ਹਾਂ ਸਾਰੇ ਰਸਤਿਆਂ ਨੂੰ ਬੰਦ ਕਰਨਾ ਹੈ ਜਿੱਥੋਂ ਘਰੇਲੂ ਗੰਦਾ ਪਾਣੀ ਬੁੱਢੇ ਨਾਲੇ ਵਿੱਚ ਦਾਖਲ ਹੁੰਦਾ ਹੈ, ਇਨ੍ਹਾਂ ਰਸਤਿਆਂ ਵਿੱਚੋਂ ਆਉਣ ਵਾਲੇ ਪਾਣੀ ਦੇ ਵਹਾਅ ਨੂੰ ਇਕੱਠਾ ਕਰਕੇ ਨੇੜੇ ਦੇ ਆਈਪੀਐਸ ਰਾਹੀਂ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਤੱਕ ਪਹੁੰਚਾਉਣਾ ਹੈ। ਰਾਈਜ਼ਿੰਗ ਮੇਨ ਲਾਈਨ ਦਾ ਮੁੱਖ ਉਦੇਸ਼ ਇੰਟਰਮੀਡੀਏਟ ਪੰਪਿੰਗ ਸਟੇਸ਼ਨ (ਆਈਪੀਐੱਸ) ਤੋਂ ਗੰਦੇ ਪਾਣੀ ਨੂੰ ਸਬੰਧਤ ਐੱਸਟੀਪੀਜ਼ ਤੱਕ ਲਿਜਾਣ ਲਈ ਬੁੱਢੇ ਨਾਲੇ ਦੇ ਕਿਨਾਰੇ ਪਾਈਪ ਲਾਈਨ ਵਿਛਾਉਣ ਦੁਆਰਾ ਘਰੇਲੂ ਸੀਵਰੇਜ ਨੂੰ ਸੰਭਾਲਣਾ ਹੈ।