ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 10 ਨਵੰਬਰ
ਏਸ਼ੀਆ ’ਚ ਦੂਜੇ ਨੰਬਰ ਦੀ ਵੱਡੀ ਮੰਡੀ ਦਾ ਦਰਜਾ ਹਾਸਲ ਸਥਾਨਕ ਨਵੀਂ ਅਨਾਜ ਮੰਡੀ ਵਿੱਚ ਅੱਜ 58 ਲੱਖ ਨਾਲ ਸੜਕਾਂ ਦੇ ਕੀਤੇ ਗਏ ਨਵੀਨੀਕਰਨ ਦਾ ਉਦਘਾਟਨ ਸਾਬਕਾ ਮੰਤਰੀ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਕੀਤਾ। ਉਨ੍ਹਾਂ ਕਿਹਾ ਕਿ ਜਗਰਾਉਂ ਹਲਕੇ ’ਚ ਹੋਰਾਂ ਵਿਕਾਸ ਕਾਰਜਾਂ ਤੋਂ ਇਲਾਵਾ ਲਗਭਗ ਸਾਰੀਆਂ ਪੇਂਡੂ ਸੜਕਾਂ ਬਣਾਈਆਂ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਸ਼ਹਿਰ ਵਿਚਲੀਆਂ ਟੁੱਟੀਆਂ ਸੜਕਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਜਲਦ ਇਹ ਸਾਰੀਆਂ ਸੜਕਾਂ ਵੀ ਬਣ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਹਾਲ ਹੀ ’ਚ ਅਜਿਹੇ ਇਤਿਹਾਸਕ ਫ਼ੈਸਲੇ ਲਏ ਹਨ, ਜਿਨ੍ਹਾਂ ਕਰਕੇ ਅਕਾਲੀ ਦਲ, ਆਮ ਆਦਮੀ ਪਾਰਟੀ ਸਮੇਤ ਹੋਰ ਵਿਰੋਧੀ ਧਿਰਾਂ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿਸਕ ਗਈ ਹੈ। ਹਰ ਵਰਗ ਲਈ ਤਿੰਨ ਰੁਪਏ ਸਸਤੀ ਬਿਜਲੀ, ਪੈਟਰੋਲ ਤੇ ਡੀਜ਼ਲ ’ਤੇ ਵੈਟ ਘੱਟ ਕਰਕੇ ਪੰਜਾਬ ਵਾਸੀਆਂ ਨੂੰ ਦਿੱਤੀ ਵੱਡੀ ਰਾਹਤ, ਰੇਤ ਕੀਮਤਾਂ ’ਚ ਕਮੀ, ਟਰਾਂਸਪੋਰਟ ਮਾਫੀਆ ਸਮੇਤ ਹੋਰ ਮਾਫੀਆ ਖ਼ਿਲਾਫ਼ ਕੱਸਿਆ ਸ਼ਿਕੰਜਾ ਅਤੇ 36 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰਨ ਵਰਗੇ ਫ਼ੈਸਲੇ ਲੈਣ ਤੋਂ ਬਾਅਦ ਵਿਰੋਧੀ ਬੌਂਦਲ ਗਏ ਹਨ।